ਅਪਰਾਧ ਤੇ ਨਸ਼ਿਆਂ ਦੀ ਵਿਕਰੀ ਗੰਭੀਰ ਚੁਣੌਤੀਆਂ: ਗੌਰਵ ਯਾਦਵ
* ਲੋਕਾਂ ਨੂੰ ਹਰ ਤਰ੍ਹਾਂ ਦੇ ਅਪਰਾਧਾਂ ਬਾਰੇ ਰਿਪੋਰਟ ਕਰਨ ਦੀ ਅਪੀਲ
* ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਤੁਰੰਤ ਐੱਫਆਈਆਰ ਦਰਜ ਕਰਨ ਦੇ ਆਦੇਸ਼
ਪਾਲ ਸਿੰਘ ਨੌਲੀ
ਜਲੰਧਰ, 21 ਅਕਤੂਬਰ
ਇੱਥੇ ਪੰਜਾਬ ਆਰਮਡ ਪੁਲੀਸ (ਪੀਏਪੀ) ਹੈੱਡਕੁਆਰਟਰ ਵਿਖੇ ਅੱਜ 65ਵਾਂ ਸੂਬਾ ਪੱਧਰੀ ਪੁਲੀਸ ਯਾਦਗਾਰੀ ਦਿਵਸ ਮਨਾਇਆ ਗਿਆ। ਪੰਜਾਬ ਪੁਲੀਸ ਮੁਖੀ ਗੌਰਵ ਯਾਦਵ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਅਤਿਵਾਦੀਆਂ ਤੇ ਅਪਰਾਧੀਆਂ ਨਾਲ ਲੋਹਾ ਲੈਂਦਿਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲੀਸ ਮੁਲਾਜ਼ਮਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਡੀਜੀਪੀ ਸ੍ਰੀ ਯਾਦਵ ਨੇ ਕਿਹਾ ਕਿ ਸਟਰੀਟ ਕ੍ਰਾਈਮ ਅਤੇ ਨਸ਼ਿਆਂ ਦੀ ਵਿਕਰੀ ਦੋ ਅਜਿਹੀਆਂ ਗੰਭੀਰ ਚੁਣੌਤੀਆਂ ਹਨ, ਜੋ ਸਿੱਧੇ ਤੌਰ ’ਤੇ ਆਮ ਨਾਗਰਿਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਟਰੀਟ ਕ੍ਰਾਈਮ ਨਾਲ ਨਜਿੱਠਣ ਲਈ ਅਪਰਾਧ ਮੈਪਿੰਗ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਅਪਰਾਧ ਵਾਲੇ ਖੇਤਰਾਂ ਦੀ ਪਛਾਣ ਕਰ ਕੇ ਪੁਲੀਸ ਗਸ਼ਤ ਤੇ ਤਾਇਨਾਤੀ ਵਧਾਉਣ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਫ਼ਿਰੌਤੀ ਕਾਲਾਂ ਸਬੰਧੀ ਪੁੱਛਣ ’ਤੇ ਡੀਜੀਪੀ ਨੇ ਕਿਹਾ ਕਿ ਅਜਿਹੀਆਂ ਕਾਲਾਂ ’ਚੋਂ 80 ਫੀਸਦੀ ਤੋਂ ਵੱਧ ਕਾਲਾਂ ਗੈਂਗਸਟਰ ਦੀ ਆੜ ਵਿੱਚ ਸਥਾਨਕ ਅਪਰਾਧੀਆਂ ਵੱਲੋਂ ਕੀਤੀਆਂ ਜਾਂਦੀਆਂ ਹਨ, ਜਦੋਂਕਿ 20 ਫੀਸਦੀ ਤੋਂ ਵੀ ਘੱਟ ਅਸਲ ਫਿਰੌਤੀ ਕਾਲਾਂ ਹੁੰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਜਿਹੇ ਅਪਰਾਧਾਂ ਬਾਰੇ ਤੁਰੰਤ ਸੂਚਨਾ ਦੇਣ ਦੀ ਅਪੀਲ ਕੀਤੀ ਅਤੇ ਐੱਸਪੀਜ਼/ਐਸਐਸਪੀਜ਼ ਨੂੰ ਹਦਾਇਤ ਕੀਤੀ ਕਿ ਹਰ ਫਿਰੌਤੀ ਕਾਲ ਜਾਂ ਸਨੈਚਿੰਗ ਵਰਗੇ ਹੋਰ ਫੁਟਕਲ ਅਪਰਾਧਾਂ ਦੀ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੇ ਆਪਣੇ ਮੁਲਾਜ਼ਮਾਂ ਲਈ ਸਿਹਤ ਬੀਮਾ ਯੋਜਨਾ ਵੀ ਸ਼ੁਰੂ ਕੀਤੀ ਹੈ, ਜਿਸ ਤਹਿਤ ਸੂਬੇ ਭਰ ਦੇ 300 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ। ਸਮਾਗਮ ਮਗਰੋਂ ਗੌਰਵ ਯਾਦਵ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ।
ਪੰਜਾਬ ਪੁਲੀਸ ਅਕੈਡਮੀ ’ਚ ਸ਼ਹੀਦਾਂ ਨੂੰ ਸ਼ਰਧਾਂਜਲੀ
ਫਿਲੌਰ (ਸਰਬਜੀਤ ਗਿੱਲ):
ਇੱਥੇ ਪੰਜਾਬ ਪੁਲੀਸ ਅਕੈਡਮੀ ’ਚ ਅੱਜ ਸ਼ਹੀਦਾਂ ਪੁਲੀਸ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਅਕੈਡਮੀ ਦੇ ਡਾਇਰਕੈਟਰ ਅਨੀਤਾ ਪੁੰਜ ਨੇ ਕਿਹਾ ਕਿ ਅਤਿਵਾਦ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਪੁਲੀਸ ਨੇ ਲਗਪਗ 10-12 ਸਾਲ ਤੱਕ ਜੱਦੋ-ਜਹਿਦ ਕੀਤੀ ਹੈ। ਇਸ ਮੌਕੇ ਅਮਨਪ੍ਰੀਤ ਸਿੰਘ ਸੰਧੂ, ਕਮਾਡੈਂਟ ਪਰਮਜੀਤ ਸਿੰਘ, ਐੱਸਪੀ ਸੁਖਦੇਵ ਸਿੰਘ, ਅਸ਼ੋਕ ਕੁਮਾਰ, ਵਰਿੰਦਰ ਕੁਮਾਰ, ਬਲਵਿੰਦਰ ਕੌਰ, ਚੰਦਨ ਦਾਸ, ਵਿਕਾਸ ਸ਼ਰਮਾ, ਸਤੀਸ਼ ਭੰਡਾਰੀ ਆਦਿ ਵੀ ਹਾਜ਼ਰ ਸਨ।