ਕ੍ਰਿਕਟ ਵਿਸ਼ਵ ਕੱਪ: ਭਾਰਤ ‘ਅੱਠਵੇਂ’ ਅਸਮਾਨ ਉੱਤੇ
ਕੋਲਕਾਤਾ, 5 ਨਵੰਬਰ
ਆਪਣੇ ਜਨਮ ਦਿਨ ’ਤੇ ਸਚਿਨ ਤੇਂਦੁਲਕਰ ਦੇ 49 ਇੱਕ ਰੋਜ਼ਾ ਸੈਂਕੜਿਆਂ ਦੀ ਬਰਾਬਰੀ ਕਰਨ ਵਾਲੇ ਵਿਰਾਟ ਕੋਹਲੀ, ਪੰਜ ਵਿਕਟਾਂ ਲੈਣ ਵਾਲੇ ਰਵਿੰਦਰ ਜਡੇਜਾ ਅਤੇ ਬਾਕੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਅੱਜ ਇੱਥੇ ‘ਫਾਈਨਲ ਦੀ ਡਰੈੱਸ ਰਿਹਰਸਲ’ ਮੰਨੇ ਜਾ ਰਹੇ ਮੈਚ ਵਿੱਚ ਦੱਖਣੀ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਲਗਾਤਾਰ ਅੱਠਵੀਂ ਜਿੱਤ ਦਰਜ ਕੀਤੀ। ਪੁਆਇੰਟਸ ਟੇਬਲ ਵਿੱਚ ਸਿਖਰਲੀਆਂ ਦੋ ਟੀਮਾਂ ਵਿਚਾਲੇ ਹੋਏ ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਹਲੀ (ਨਾਬਾਦ 101 ਦੌੜਾਂ) ਅਤੇ ਸ਼੍ਰੇਅਸ ਅਈਅਰ (77) ਵਿਚਾਲੇ 134 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਭਾਰਤ ਨੇ ਪੰਜ ਵਿਕਟਾਂ ’ਤੇ 326 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ 27.1 ਓਵਰਾਂ ’ਚ 83 ਦੌੜਾਂ ’ਤੇ ਹੀ ਸਿਮਟ ਗਈ। ਇਸ ਜਿੱਤ ਤੋਂ ਬਾਅਦ ਭਾਰਤ ਅੱਠ ਮੈਚਾਂ ਵਿੱਚ 16 ਅੰਕਾਂ ਨਾਲ ਸਿਖਰ ’ਤੇ ਹੈ। ਉਸ ਦਾ ਆਪਣਾ ਆਖਰੀ ਲੀਗ ਮੈਚ 12 ਨਵੰਬਰ ਨੂੰ ਬੰਗਲੂਰੂ ਵਿੱਚ ਨੈਦਰਲੈਂਡਜ਼ ਨਾਲ ਹੋਵੇਗਾ। ਦੱਖਣੀ ਅਫਰੀਕਾ ਅੱਠ ਮੈਚਾਂ ਵਿੱਚ 12 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਕੁਇੰਟਨ ਡੀਕੌਕ (ਪੰਜ) ਨੂੰ ਮੁਹੰਮਦ ਸਿਰਾਜ ਨੇ ਦੂਜੇ ਹੀ ਓਵਰ ਵਿੱਚ ਬੋਲਡ ਕਰ ਦਿੱਤਾ। ਮਗਰੋਂ ਦੱਖਣੀ ਅਫ਼ਰੀਕਾ ਦੀ ਟੀਮ ਇਸ ਝਟਕੇ ਤੋਂ ਉਭਰ ਨਹੀਂ ਸਕੀ। ਸੱਤਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਇਆ ਮਾਰਕੋ ਜੇਨਸਨ 14 ਦੌੜਾਂ ਨਾਲ ਟੌਪ ਸਕੋਰਰ ਰਿਹਾ।
ਭਾਰਤ ਵੱਲੋਂ ਜਡੇਜਾ ਨੇ ਪੰਜ, ਮੁਹੰਮਦ ਸ਼ਮੀ ਅਤੇ ਕੁਲਦੀਪ ਯਾਦਵ ਨੇ ਦੋ-ਦੋ ਤੇ ਮੁਹੰਮਦ ਸਿਰਾਜ ਨੇ ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਸ੍ਰੀਲੰਕਾ ਖ਼ਿਲਾਫ਼ ਪਿਛਲੇ ਮੈਚ ਵਿੱਚ ਸੈਂਕੜੇ ਤੋਂ ਖੁੰਝਣ ਵਾਲੇ ਕੋਹਲੀ ਨੇ ਆਖਰਕਾਰ ਆਪਣੇ 289ਵੇਂ ਮੈਚ ਦੀਆਂ 277ਵੀਂ ਪਾਰੀ ’ਚ 49ਵਾਂ ਸੈਂਕੜਾ ਜੜ ਦਿੱਤਾ। ਤੇਂਦੁਲਕਰ ਨੇ 463 ਮੈਚਾਂ ਦੀਆਂ 452 ਪਾਰੀਆਂ ਵਿੱਚ 49 ਸੈਂਕੜੇ ਮਾਰੇ ਸਨ। ਸਚਿਨ ਦੇ ਨਾਮ 100 ਕੌਮਾਂਤਰੀ ਸੈਂਕੜੇ ਹਨ ਜਦਕਿ ਕੋਹਲੀ ਦਾ ਇਹ 79ਵਾਂ ਕੌਮਾਂਤਰੀ ਸੈਂਕੜਾ ਹੈ। ਕੋਹਲੀ ਨੇ ਟੈਸਟ ਵਿੱਚ 29 ਅਤੇ ਟੀ-20 ਵਿੱਚ ਵੀ ਇੱਕ ਸੈਂਕੜਾ ਲਗਾਇਆ ਹੈ। ਇਸ ਤੋਂ ਇਲਾਵਾ ਭਾਰਤ ਲਈ ਅਈਅਰ ਨੇ 77, ਕਪਤਾਨ ਰੋਹਤਿ ਸ਼ਰਮਾ ਨੇ 40, ਰਵਿੰਦਰ ਜਡੇਜਾ ਨੇ ਨਾਬਾਦ 29, ਸ਼ੁਭਮਨ ਗਿੱਲ ਨੇ 23 ਅਤੇ ਸੂਰਿਆਕੁਮਾਰ ਯਾਦਵ ਨੇ 22 ਦੌੜਾਂ ਦਾ ਯੋਗਦਾਨ ਪਾਇਆ। -ਪੀਟੀਆਈ