ਕ੍ਰਿਕਟ ਵਿਸ਼ਵ ਕੱਪ: ਬੰਗਲਾਦੇਸ਼ ਦੀ ਛੇ ਹਾਰਾਂ ਮਗਰੋਂ ਪਹਿਲੀ ਜਿੱਤ
ਨਵੀਂ ਦਿੱਲੀ, 6 ਨਵੰਬਰ
ਬੰਗਲਾਦੇਸ਼ ਨੇ ਨਜਮੁਲ ਹੁਸੈਨ ਸ਼ਾਂਟੋ ਤੇ ਕਪਤਾਨ ਸ਼ਾਕਬਿ ਅਲ ਹਸਨ ਦੇ ਨੀਮ ਸੈਂਕੜਿਆਂ ਸਦਕਾ ਅੱਜ ਇੱਥੇ ਕ੍ਰਿਕਟ ਵਿਸ਼ਵ ਕੱਪ ਦੇ ਇੱਕ ਮੈਚ ਵਿੱਚ ਸ੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾ ਦਿੱਤਾ।
ਟੀਮ ਨੇ ਜਿੱਤ ਲਈ ਲੋੜੀਂਦਾ 280 ਦੌੜਾਂ ਟੀਚਾ 7 ਵਿਕਟਾਂ ਗੁਆ ਕੇ 41.1 ਓਵਰਾਂ ’ਚ ਹੀ 282 ਦੌੜਾਂ ਬਣਾਉਂਦਿਆਂ ਪੂਰਾ ਕਰ ਲਿਆ। ਹਾਲਾਂਕਿ ਦੋਵੇਂ ਟੀਮਾਂ ਸੈਮੀਫਾਈਨਲ ਦੀ ਦੌੜ ਵਿੱਚੋਂ ਲਗਪਗ ਪਹਿਲਾਂ ਹੀ ਬਾਹਰ ਹਨ।
ਬੰਗਲਾਦੇਸ਼ ਦੀ 6 ਹਾਰਾਂ ਮਗਰੋਂ ਇਹ ਪਹਿਲੀ ਜਿੱਤ ਜਦਕਿ ਸ੍ਰੀਲੰਕਾ ਦੀ ਲਗਾਤਾਰ ਤੀਜੀ ਹਾਰ ਹੈ।ਬੰਗਲਾਦੇਸ਼ ਵੱਲੋਂ ਨਜਮੁਲ ਹੁਸੈਨ ਨੇ 90 ਅਤੇ ਸ਼ਾਕਬਿ ਅਲ ਹਸਨ ਨੇ 82 ਦੌੜਾਂ ਬਣਾਈਆਂ। ਟੀਮ ਦੀ ਜਿੱਤ ਵਿੱਚ ਲਿਟਨ ਦਾਸ ਨੇ 23 ਦੌੜਾਂ, ਮਹਿਮੂਦਉੱਲ੍ਹਾ ਨੇ 22 ਦੌੜਾਂ ਤੇ ਤੋਹੀਦ ਹਿਰਦੌਏ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀਲੰਕਾ ਵੱਲੋਂ ਦਿਲਸ਼ਾਨ ਮਧੂਸ਼ਨਾਕਾ ਨੇ 3 ਵਿਕਟਾਂ ਜਦਕਿ ਮਹੀਸ਼ ਥੀਕਸ਼ਾਨਾ ਤੇ ਐਂਜਲੋ ਮੈਥਿਊਜ ਨੇ ਦੋ-ਦੋ ਵਿਕਟਾਂ ਲਈਆਂ। ਸ਼ਾਕਬਿ ਅਲ ਹਸਨ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਇਸ ਤੋਂ ਪਹਿਲਾਂ ਸ੍ਰੀਲੰਕਾ ਟੀਮ ਚਾਰਿਥ ਅਸਾਲੰਕਾ ਦੇ ਸੈਂਕੜੇ (108) ਦੌੜਾਂ ਦੇ ਬਾਵਜੂਦ 49.3 ਓਵਰਾਂ ’ਚ 279 ਦੌੜਾਂ ਦੀ ਹੀ ਬਣਾ ਸਕੀ। ਟੀਮ ਵੱਲੋਂ ਪਥੁਮ ਨਿਸਾਂਕਾ ਅਤੇ ਸਦੀਰਾ ਸਮਰਵਿਕਰਮਾ ਨੇ 41-41 ਦੌੜਾਂ ਜਦਕਿ ਧਨੰਜੈ ਡੀਸਿਲਵਾ ਨੇ 34 ਅਤੇ ਮਹੀਸ਼ ਥੀਕਸ਼ਾਨਾ ਨੇ 22 ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਟੀ.ਐੱਚ. ਸਾਕਬਿ ਨੇ 3 ਵਿਕਟਾਂ ਜਦਕਿ ਸ਼ਾਕਬਿ ਅਲ ਹਸਨ ਅਤੇ ਸ਼ੌਰੀਫੁਲ ਇਸਲਾਮ ਨੇ ਦੋ-ਦੋ ਵਿਕਟਾਂ ਲਈਆਂ। -ਪੀਟੀਆਈ
ਸਰਕਾਰ ਵੱਲੋਂ ਸ੍ਰੀਲੰਕਾ ਕ੍ਰਿਕਟ ਬੋਰਡ ਬਰਖ਼ਾਸਤ
ਕੋਲੰਬੋ: ਭਾਰਤ ’ਚ ਚੱਲ ਰਹੇ ਕ੍ਰਿਕਟ ਵਿਸ਼ਵ ਕੱਪ ’ਚ ਮੇਜ਼ਬਾਨ ਟੀਮ ਹੱਥੋਂ ਸ੍ਰੀਲੰਕਾ ਦੀ ਕਰਾਰੀ ਹਾਰ ਮਗਰੋਂ ਅੱਜ ਸਰਕਾਰ ਨੇ ਸ੍ਰੀਲੰਕਾ ਕ੍ਰਿਕਟ ਬੋਰਡ ਨੂੰ ਬਰਖਾਸਤ ਕਰ ਦਿੱਤਾ ਹੈ। ਸ੍ਰੀਲੰਕਾ ਦੀ 2 ਨਵੰਬਰ ਨੂੰ ਮੁੰਬਈ ’ਚ ਭਾਰਤ ਹੱਥੋਂ 302 ਦੌੜਾਂ ਨਾਲ ਮਗਰੋਂ ਲੋਕਾਂ ’ਚ ਰੋਸ ਸੀ ਅਤੇ ਸ਼ਮੀ ਸਿਲਵਾ ਦੀ ਅਗਵਾਈ ਵਾਲੇ ਸ੍ਰੀਲੰਕਾ ਕ੍ਰਿਕਟ ਬੋਰਡ (ਐੱਸਐੱਲਸੀ) ਤੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਦੇ ਚੱਲਦਿਆਂ ਇਹ ਕਾਰਵਾਈ ਕੀਤੀ ਗਈ ਹੈ। ਖੇਡ ਮੰਤਰੀ ਰੌਸ਼ਨ ਰਣਸਿੰਘੇ ਨੇ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਅਰਜੁਨ ਰਾਣਾਤੁੰਗਾ ਦੀ ਅਗਵਾਈ ਹੇਠ 7 ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਖੇਡ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਰਣਸਿੰਘੇ ਵੱਲੋਂ 1973 ਦੇ ਖੇਡ ਕਾਨੂੰਨ ਨੰਬਰ 25 ਦੀਆਂ ਸ਼ਕਤੀਆਂ ਤਹਤਿ ਕਮੇਟੀ ਕਾਇਮ ਕੀਤੀ ਗਈ ਹੈ। ਕਮੇਟੀ ’ਚ ਤਿੰਨ ਸੇਵਾਮੁਕਤ ਜੱਜ ਅਤੇ ਸ੍ਰੀਲੰਕਾ ਕ੍ਰਿਕਟ ਬੋਰਡ ਦੀ ਸਾਬਕਾ ਪ੍ਰਧਾਨ ਉਪਾਲੀ ਧਰਮਦਾਸਾ ਵੀ ਸ਼ਾਮਲ ਹੈ। -ਪੀਟੀਆਈ
ਕੌਮਾਂਤਰੀ ਕ੍ਰਿਕਟ ਵਿੱਚ ‘ਟਾਈਮ ਆਊਟ’ ਹੋਣ ਵਾਲਾ ਪਹਿਲਾ ਬੱਲੇਬਾਜ਼ ਬਣਿਆ ਮੈਥਿਊ
ਨਵੀਂ ਦਿੱਲੀ: ਸ੍ਰੀਲੰਕਾ ਦੇ ਤਜਰਬੇਕਾਰ ਬੱਲੇਬਾਜ਼ ਐਂਜੇਲੋ ਮੈਥਿਊ ਨੂੰ ਅੱਜ ਇੱਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਖ਼ਿਲਾਫ਼ ‘ਟਾਈਮ ਆਊਟ’ ਕਰਾਰ ਦਿੱਤਾ ਗਿਆ। ਉਹ ਕੌਮਾਂਤਰੀ ਕ੍ਰਿਕਟ ਵਿੱਚ ਇਸ ਤਰ੍ਹਾਂ ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਬਣਿਆ। ਸਦੀਰਾ ਸਮਰਵਿਕਰਮ ਦੇ ਆਊਟ ਹੋਣ ਮਗਰੋਂ ਮੈਥਿਊ ਜਿਉਂ ਹੀ ਕਰੀਜ਼ ’ਤੇ ਪਹੁੰਚਿਆ ਅਤੇ ਹੈਲਮੈਟ ਲਗਾਉਣ ਲੱਗਿਆ ਤਾਂ ਉਸ ਦਾ ਸਟਰੈਪ ਟੁੱਟ ਗਿਆ। ਉਸ ਨੇ ਡਰੈੱਸਿੰਗ ਰੂਮ ਤੋਂ ਦੂਜਾ ਹੈਲਮੇਟ ਲਿਆਉਣ ਦਾ ਇਸ਼ਾਰਾ ਕੀਤਾ ਪਰ ਇਸ ਵਿੱਚ ਕਾਫ਼ੀ ਸਮਾਂ ਲੱਗ ਗਿਆ। ਇਸ ਦੌਰਾਨ ਬੰਗਲਾਦੇਸ਼ ਦੇ ਕਪਤਾਨ ਸ਼ਾਕਬਿ ਅਲ ਹਸਨ ਨੇ ਮੈਥਿਊ ਖ਼ਿਲਾਫ਼ ਟਾਈਮ ਆਊਟ ਦੀ ਅਪੀਲ ਕੀਤੀ ਅਤੇ ਅੰਪਾਇਰ ਮਰਾਇਸ ਇਰਾਸਮਸ ਨੇ ਉਸ ਨੂੰ ਆਊਟ ਕਰਾਰ ਦੇ ਦਿੱਤਾ। ਮੈਥਿਊ ਨੇ ਅੰਪਾਇਰ ਅਤੇ ਸ਼ਾਕਬਿ ਨਾਲ ਗੱਲਬਾਤ ਕੀਤੀ ਅਤੇ ਆਪਣੇ ਹੈਲਮੇਟ ਦਾ ਟੁੱਟਿਆ ਹੋਇਆ ਸਟਰੈਪ ਵੀ ਦਿਖਾਇਆ ਪਰ ਬੰਗਲਾਦੇਸ਼ ਦੇ ਕਪਤਾਨ ਨੇ ਅਪੀਲ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸ੍ਰੀਲੰਕਾ ਦੇ ਬੱਲੇਬਾਜ਼ ਨੂੰ ਵਾਪਸ ਜਾਣਾ ਪਿਆ। ਮੈਥਿਊ ਇਸ ਤੋਂ ਕਾਫ਼ੀ ਨਾਰਾਜ਼ ਦਿਖਾਈ ਦਿੱਤਾ ਅਤੇ ਉਸ ਨੇ ਬਾਊਂਡਰੀ ’ਤੇ ਆਪਣੇ ਹੈਲਮੇਟ ਦਾ ਟੁੱਟਿਆ ਹੋਇਆ ਸਟਰੈਪ ਸਭ ਨੂੰ ਦਿਖਾਇਆ ਅਤੇ ਫਿਰ ਗੁੱਸੇ ਵਿੱਚ ਇਸ ਨੂੰ ਜ਼ੋਰ ਨਾਲ ਜ਼ਮੀਨ ’ਤੇ ਸੁੱਟਿਆ। ਆਈਸੀਸੀ ਦੇ ਨਿਯਮ 40.1.1 ਅਨੁਸਾਰ ਜੇਕਰ ਕਿਸੇ ਬੱਲੇਬਾਜ਼ ਦੇ ਆਊਟ ਜਾਂ ਰਿਟਾਇਰ ਹੋਣ ’ਤੇ ਅਗਲਾ ਬੱਲੇਬਾਜ਼ ਨਿਰਧਾਰਤਿ ਸਮੇਂ ਦੇ ਅੰਦਰ-ਅੰਦਰ ਅਗਲੀ ਗੇਂਦ ਦਾ ਸਾਹਮਣਾ ਨਹੀਂ ਕਰਦਾ ਹੈ ਤਾਂ ਉਸ ਨੂੰ ਟਾਈਮ ਆਊਟ ਕਰਾਰ ਦਿੱਤਾ ਜਾ ਸਕਦਾ ਹੈ। -ਪੀਟੀਆਈ
ਆਸਟਰੇਲੀਆ ਅਤੇ ਅਫ਼ਗਾਨਿਸਤਾਨ ਵਿਚਾਲੇ ਮੁਕਾਬਲਾ ਅੱਜ
ਮੁੰਬਈ: ਹੁਣ ਜਦੋਂ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀ ਦੌੜ ਆਪਣੇ ਆਖ਼ਰੀ ਪੜਾਅ ’ਤੇ ਹੈ ਤਾਂ ਆਸਟਰੇਲੀਆ ਉਲਟ-ਫੇਰ ਕਰਨ ਵਿੱਚ ਮਾਹਿਰ ਅਫ਼ਗਾਨਿਸਤਾਨ ਖ਼ਿਲਾਫ਼ ਭਲਕੇ ਹੋਣ ਵਾਲੇ ਮੈਚ ਵਿੱਚ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗਾ। ਸੈਮੀਫਾਈਨਲ ਵਿੱਚ ਹੁਣ ਸਿਰਫ਼ ਦੋ ਸਥਾਨ ਬਾਕੀ ਬਚੇ ਹਨ ਕਿਉਂਕਿ ਭਾਰਤ ਅਤੇ ਦੱਖਣੀ ਅਫ਼ਰੀਕਾ ਪਹਿਲਾਂ ਹੀ ਆਖ਼ਰੀ ਚਾਰ ਲਈ ਕੁਆਲੀਫਾਈ ਕਰ ਚੁੱਕੇ ਹਨ। ਆਸਟਰੇਲੀਆ ਦੀ ਟੀਮ ਹੁਣ ਤੀਜੇ ਸਥਾਨ ’ਤੇ ਹੈ ਅਤੇ ਕੋਈ ਵੀ ਹੋਰ ਟੀਮ ਉਸ ਦੀ ਸੈਮੀਫਾਈਨਲ ਦੀ ਸੀਟ ਨੂੰ ਸਿੱਧਿਆਂ ਚੁਣੌਤੀ ਦੇਣ ਦੀ ਸਥਤਿੀ ਵਿੱਚ ਨਹੀਂ ਦਿਖ ਰਹੀ ਹੈ ਪਰ ਪੈਟ ਕਮਿਨਸ ਦੀ ਅਗਵਾਈ ਵਾਲੀ ਟੀਮ ਇਸ ਮੈਚ ਵਿੱਚ ਜਿੱਤ ਦਰਜ ਕਰਨ ਆਖ਼ਰੀ ਚਾਰ ਵਿੱਚ ਆਪਣੀ ਜਗ੍ਹਾ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ। ਇਹ ਮੈਚ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। -ਪੀਟੀਆਈ