ਕ੍ਰਿਕਟ: ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾਇਆ
ਬਾਸੇਟੇਰੇ (ਸੇਂਟ ਕਿਟਸ ਐਂਡ ਨੇਵਿਸ), 9 ਦਸੰਬਰ
ਸ਼ੇਰਫੇਨ ਰਦਰਫੋਰਡ ਦੀ 80 ਗੇਂਦਾਂ ਵਿੱਚ 113 ਦੌੜਾਂ ਦੀ ਸ਼ਾਨਦਾਰੀ ਪਾਰੀ ਦੀ ਬਦੌਲਤ ਵੈਸਟਇੰਡੀਜ਼ ਨੇ ਪਹਿਲੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਬੰਗਲਾਦੇਸ਼ ਨੂੰ 14 ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਮੇਜ਼ਬਾਨ ਟੀਮ ਤਿੰਨ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਰਦਰਫੋਰਡ ਨੇ 47ਵੇਂ ਓਵਰ ’ਚ ਸੌਮਿਆ ਸਰਕਾਰ ਦੀ ਗੇਂਦ ’ਤੇ ਨਾਹਿਦ ਰਾਣਾ ਹੱਥੋਂ ਕੈਚ ਆਊਟ ਹੋਣ ਤੋਂ ਪਹਿਲਾਂ ਆਪਣੀ ਪਾਰੀ ’ਚ ਅੱਠ ਛੱਕੇ ਅਤੇ ਸੱਤ ਚੌਕੇ ਜੜੇ। ਵੈਸਟਇੰਡੀਜ਼ ਨੇ ਇਸ ਪਾਰੀ ਸਦਕਾ 295 ਦੌੜਾਂ ਦਾ ਟੀਚਾ 47.4 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ ਪੂਰਾ ਕਰ ਲਿਆ।
ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿੱਚ ਛੇ ਵਿਕਟਾਂ ’ਤੇ 294 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਉਸ ਲਈ ਕਪਤਾਨ ਮਹਿਦੀ ਹਸਨ ਮਿਰਾਜ ਨੇ 101 ਗੇਂਦਾਂ ਵਿੱਚ 74 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਤਨਜੀਦ ਹਸਨ ਨੇ 60 ਦੌੜਾਂ ਬਣਾਈਆਂ। ਮਹਿਮੂਦਉੱਲ੍ਹਾ ਨੇ 44 ਗੇਂਦਾਂ ਵਿੱਚ ਨਾਬਾਦ 50 ਦੌੜਾਂ ਅਤੇ ਜਾਕਰ ਅਲੀ ਨੇ 40 ਗੇਂਦਾਂ ਵਿੱਚ 48 ਦੌੜਾਂ ਦਾ ਯੋਗਦਾਨ ਪਾਇਆ। -ਏਪੀ