ਕ੍ਰਿਕਟ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਲੜੀ ਦਾ ਦੂਜਾ ਟੈਸਟ ਮੈਚ ਅੱਜ ਤੋਂ
ਕਾਨਪੁਰ, 26 ਸਤੰਬਰ
ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੋਂ ਵੱਡੀ ਪਾਰੀ ਦੀ ਉਮੀਦ ਕਰ ਰਿਹਾ ਭਾਰਤ ਸ਼ੁੱਕਰਵਾਰ ਨੂੰ ਇੱਥੇ ਸ਼ੁਰੂ ਹੋਣ ਵਾਲੇ ਦੂਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ’ਚ ਬੰਗਲਾਦੇਸ਼ ’ਤੇ ਆਪਣਾ ਦਬਦਬਾ ਕਾਇਮ ਰੱਖਦਿਆਂ ਦੋ ਮੈਚਾਂ ਦੀ ਲੜੀ ਵਿੱਚ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ ’ਤੇ ਉੱਤਰੇਗਾ।
ਭਾਰਤ ਨੇ ਚੇਨੱਈ ’ਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਰਵੀਚੰਦਰਨ ਅਸ਼ਿਵਨ ਦੀ ਆਲਰਾਊਂਡ ਖੇਡ, ਸ਼ੁਭਮਨ ਗਿੱਲ ਦੇ ਸੈਂਕੜੇ, ਰਵਿੰਦਰ ਜਡੇਜਾ ਦੀ ਚੰਗੀ ਬੱਲੇਬਾਜ਼ੀ ਅਤੇ ਰਿਸ਼ਭ ਪੰਤ ਦੇ ਵਾਪਸੀ ’ਤੇ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਸਦਕਾ ਵੱਡੀ ਜਿੱਤ ਹਾਸਲ ਕੀਤੀ ਸੀ। ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ਾਂ ਨੇ ਪਹਿਲੇ ਦਿਨ ਭਾਰਤ ’ਤੇ ਦਬਾਅ ਬਣਾ ਲਿਆ ਸੀ ਪਰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਜਿਸ ਤਰ੍ਹਾਂ ਵਾਪਸੀ ਕੀਤੀ, ਉਸ ਨਾਲ ਉਸ ਦਾ ਵਿਸ਼ੇਸ਼ ਕਰਕੇ ਘਰੇਲੂ ਮੈਦਾਨ ’ਤੇ ਟੈਸਟ ਕ੍ਰਿਕਟ ’ਚ ਦਬਦਬਾ ਪਤਾ ਲੱਗਦਾ ਹੈ। ਭਾਰਤ ਦੀ ਨਿਗ੍ਹਾ ਹੁਣ ਦੇਸ਼ ’ਚ ਲਗਾਤਾਰ 18ਵੀਂ ਲੜੀ ਜਿੱਤਣ ’ਤੇ ਟਿਕੀ ਹੈ। ਭਾਰਤ ਤਿੰਨ ਤੇਜ਼ ਗੇਂਦਬਾਜ਼ਾਂ ਦੀ ਜਗ੍ਹਾ ਤਿੰਨ ਸਪਿੰਨਰਾਂ ਨੂੰ ਆਖ਼ਰੀ ਗਿਆਰਾਂ ਵਿੱਚ ਸ਼ਾਮਲ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ ਆਕਾਸ਼ਦੀਪ ਦੀ ਜਗ੍ਹਾ ਕੁਲਦੀਪ ਯਾਦਵ ਨੂੰ ਮਿਲ ਸਕਦੀ ਹੈ, ਜਿਸ ਦਾ ਇਹ ਘਰੇਲੂ ਮੈਦਾਨ ਹੈ। ਭਾਰਤ ਜੇਕਰ ਬੱਲੇਬਾਜ਼ੀ ਨੂੰ ਵੱਧ ਮਜ਼ਬੂਤ ਕਰਨਾ ਚਾਹੇਗਾ ਤਾਂ ਫਿਰ ਅਕਸ਼ਰ ਪਟੇਲ ਨੂੰ ਕੁਲਦੀਪ ’ਤੇ ਤਰਜੀਹ ਮਿਲ ਸਕਦੀ ਹੈ।
ਗਰੀਨ ਪਾਰਕ ਵਿੱਚ ਇਸ ਤੋਂ ਪਹਿਲਾਂ 2021 ਵਿੱਚ ਜੋ ਆਖ਼ਰੀ ਟੈਸਟ ਖੇਡਿਆ ਗਿਆ ਸੀ, ਉਸ ’ਚ ਭਾਰਤ ਤਿੰਨ ਸਪਿੰਨਰ ਅਸ਼ਿਵਨ, ਜਡੇਜਾ ਅਤੇ ਅਕਸ਼ਰ ਨਾਲ ਉੱਤਰਿਆ ਸੀ। ਨਿਊਜ਼ੀਲੈਂਡ ਖ਼ਿਲਾਫ਼ ਇਹ ਮੈਚ ਡਰਾਅ ਰਿਹਾ ਸੀ।
ਦੂਜੇ ਪਾਸੇ ਬੰਗਲਾਦੇਸ਼ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਲਈ ਟੀਮ ’ਚ ਬਦਲਾਅ ਕਰ ਸਕਦਾ ਹੈ। ਬੰਗਾਲਦੇਸ਼ ਤੇਜ਼ ਗੇਂਦਬਾਜ਼ ਨਾਹਿਦ ਰਾਣਾ ਦੀ ਥਾਂ ਖੱਬੇ ਹੱਥ ਦੇ ਸਪਿੰਨ ਤਾਈਜ਼ੁਲ ਇਸਲਾਮ ਨੂੰ ਆਖ਼ਰੀ ਗਿਆਰਾਂ ਵਿੱਚ ਸ਼ਾਮਲ ਕਰ ਸਕਦਾ ਹੈ। ਉਸ ਕੋਲ ਆਫ ਸਪਿੰਨਰ ਨਈਮ ਹਸਨ ਵਜੋਂ ਇੱਕ ਹੋਰ ਬਦਲ ਮੌਜੂਦ ਹੈ। ਹਾਲਾਂਕਿ ਮੈਚ ਦੇ ਪਹਿਲੇ ਅਤੇ ਤੀਜੇ ਦਿਨ ਮੀਂਹ ਦੀ ਸੰਭਾਵਨਾ ਵੀ ਹੈ।
ਭਾਰਤ ਹੁਣ ਤੱਕ ਬੰਗਲਾਦੇਸ਼ ਤੋਂ ਕੋਈ ਟੈਸਟ ਮੈਚ ਨਹੀਂ ਹਾਰਿਆ ਹੈ ਅਤੇ ਮਹਿਮਾਨ ਟੀਮ ਨੂੰ ਆਪਣੀ ਪਹਿਲੀ ਜਿੱਤ ਹਾਸਲ ਕਰਨ ਲਈ ਵਿਸ਼ੇਸ਼ ਕੋਸ਼ਿਸ਼ ਕਰਨੀ ਪਵੇਗੀ। -ਪੀਟੀਆਈ
ਅੰਡਰ-19: ਭਾਰਤ ਨੇ ਆਸਟਰੇਲੀਆ ਨੂੰ ਸੱਤ ਦੌੜਾਂ ਨਾਲ ਹਰਾ ਕੇ ਲੜੀ ਜਿੱਤੀ
ਪੁੱਡੂਚੇਰੀ: ਭਾਰਤੀ ਅੰਡਰ-19 ਖਿਡਾਰੀਆਂ ਨੇ ਆਖ਼ਰੀ ਓਵਰ ਵਿੱਚ ਇੱਥੇ ਵੱਡੇ ਸਕੋਰ ਵਾਲੇ ਤੀਜੇ ਅੰਡਰ-19 ਇੱਕ ਰੋਜ਼ਾ ਵਿੱਚ ਆਸਟਰੇਲੀਆ ’ਤੇ ਸੱਤ ਦੌੜਾਂ ਦੀ ਜਿੱਤ ਨਾਲ ਲੜੀ ’ਚ 3-0 ਨਾਲ ਸਵੀਪ ਕੀਤਾ। ਭਾਰਤ ਦੀ ਨੌਜਵਾਨ ਟੀਮ ਨੇ ਪਹਿਲੇ ਇੱਕ ਰੋਜ਼ਾ ਵਿੱਚ ਸੱਤ ਵਿਕਟਾਂ ਅਤੇ ਦੂਜੇ ਇੱਕ ਰੋਜ਼ਾ ਵਿੱਚ ਨੌਂ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਨੇ ਸਲਾਮੀ ਬੱਲੇਬਾਜ਼ ਰੁਦਰ ਪਟੇਲ (81 ਗੇਂਦਾਂ ’ਚ 77 ਦੌੜਾਂ) ਅਤੇ ਕਪਤਾਨ ਮੁਹੰਮਦ ਅਮਾਨ (72 ਗੇਂਦਾਂ ’ਚ 71 ਦੌੜਾਂ) ਦੇ ਨੀਮ ਸੈਂਕੜਿਆਂ ਦੀ ਬਦੌਲਤ ਅੱਠ ਵਿਕਟਾਂ ’ਤੇ 324 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ ਵਿੱਚ ਆਸਟਰੇਲਿਆਈ ਟੀਮ ਨਿਰਧਾਰਤ 50 ਓਵਰਾਂ ’ਚ ਸੱਤ ਵਿਕਟਾਂ ’ਤੇ 317 ਦੌੜਾਂ ਹੀ ਬਣਾ ਸਕੀ। -ਪੀਟੀਆਈ