Cricket Test: ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤਕ ਆਸਟਰੇਲੀਆ ਨੇ ਇਕ ਵਿਕਟ ਦੇ ਨੁਕਸਾਨ ’ਤੇ 86 ਦੌੜਾਂ ਬਣਾਈਆਂ
ਐਡੀਲੇਡ, 6 ਦਸੰਬਰ
Cricket Test: ਇੱਥੇ ਭਾਰਤ ਅਤੇ ਆਸਟਰੇਲੀਆ ਦਰਮਿਆਨ ਖੇਡੇ ਜਾ ਰਹੇ ਬਾਰਡਰ-ਗਾਵਸਕਰ ਟਰਾਫੀ ਦੇ ਦੂਜੇ ਕ੍ਰਿਕਟ ਟੈਸਟ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 180 ਦੌੜਾਂ ਬਣਾ ਕੇ ਆਊਟ ਹੋ ਗਈ। ਦੂਜੇ ਪਾਸੇ ਆਸਟਰੇਲੀਆ ਨੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤਕ ਇਕ ਵਿਕਟ ਦੇ ਨੁਕਸਾਨ ਨਾਲ 86 ਦੌੜਾਂ ਬਣਾ ਲਈਆਂ ਹਨ। ਇਸ ਵੇਲੇ ਨਾਥਨ ਮੈਕਸਵੀਨੀ 38 ਦੌੜਾਂ ਤੇ ਮਾਰਨਸ ਲਾਬੂਸ਼ੇਨ 20
ਦੌੜਾਂ ਬਣਾ ਕੇ ਨਾਬਾਦ ਹਨ। ਆਸਟਰੇਲੀਆ ਨੇ ਅੱਜ 33 ਓਵਰ ਖੇਡੇ। ਭਾਰਤੀ ਟੀਮ ਵਲੋਂ ਸਿਰਫ ਜਸਪ੍ਰੀਤ ਬੁਮਰਾਹ ਨੇ ਹੀ ਵਿਕਟ ਹਾਸਲ ਕੀਤੀ ਜਦਕਿ ਮੁਹੰਮਦ ਸਿਰਾਜ, ਹਰਸ਼ਿਤ ਰਾਣਾ, ਨਿਤੀਸ਼ ਰੈਡੀ ਤੇ ਰਵੀਚੰਦਰਨ ਅਸ਼ਿਵਨ ਕੋਈ ਵਿਕਟ ਹਾਸਲ ਨਾ ਕਰ ਸਕੇ।
ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਮੈਚ ਦੀ ਪਹਿਲੀ ਗੇਂਦ ਵਿਚ ਯਸ਼ੱਸਵੀ ਜੈਸਵਾਲ ਆਊਟ ਹੋ ਗਏ। ਇਸ ਤੋਂ ਬਾਅਦ ਕੇ ਐਲ ਰਾਹੁਲ (37 ਦੌੜਾਂ) ਤੇ ਸ਼ੁਭਮਨ ਗਿਲ (31 ਦੌੜਾਂ) ਨੇ ਪਾਰੀ ਸੰਭਾਲੀ। ਦੋਵਾਂ ਨੇ ਦੂਜੇ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਵਿਰਾਟ ਕੋਹਲੀ 7, ਰਿਸ਼ਭ ਪੰਤ 21 ਦੇ ਕਪਤਾਨ ਰੋਹਿਤ ਸ਼ਰਮਾ 3 ਦੌੜਾਂ ਬਣਾ ਕੇ ਆਊਟ ਹੋ ਗਏ। ਰਵੀਚੰਦਰਨ ਅਸ਼ਿਵਨ ਨੇ 22 ਦੌੜਾਂ ਦੀ ਪਾਰੀ ਖੇਡੀ ਤੇ ਨਿਤੀਸ਼ ਰੈਡੀ ਨੇ 42 ਦੌੜਾਂ ਸਦਕਾ ਟੀਮ ਦਾ ਸਕੋਰ 180 ’ਤੇ ਪਹੁੰਚਾ ਦਿੱਤਾ। ਮਿਚੇਲ ਸਟਾਰਕ ਨੇ ਛੇ ਵਿਕਟਾਂ ਹਾਸਲ ਕੀਤੀਆਂ ਜਦਕਿ ਪੈਟ ਕਮਿਨਸ ਤੇ ਸਟਾਕ ਬੋਲੈਂਡ ਨੇ 2-2 ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਪਹਿਲਾ ਵਿਕਟ ਜਸਪ੍ਰੀਤ ਬੁਮਰਾਹ ਨੇ ਦਿਵਾਇਆ। ਉਸ ਨੇ ਖਵਾਜਾ ਨੂੰ 13 ਦੌੜਾਂ ’ਤੇ ਸਲਿੱਪ ’ਤੇ ਰੋਹਿਤ ਸ਼ਰਮਾ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਪਹਿਲਾਂ ਦਿਨ ਰਾਤ ਦੇ ਟੈਸਟ ਮੈਚ ਵਿਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਭਾਰਤੀ ਖਿਡਾਰੀ ਟਿਕ ਕੇ ਨਾ ਖੇਡ ਸਕੇ ਤੇ ਸਾਰੀ ਟੀਮ 180 ਦੌੜਾਂ ’ਤੇ ਆਊਟ ਹੋ ਗਈ। ਆਸਟਰੇਲੀਆ ਵਲੋਂ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 48 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ।