Cricket Test: ਭਾਰਤ ਦੀਆਂ ਦੂਜੀ ਪਾਰੀ ’ਚ ਪੰਜ ਵਿਕਟਾਂ ਦੇ ਨੁਕਸਾਨ ਨਾਲ 128 ਦੌੜਾਂ
ਐਡੀਲੇਡ, 7 ਦਸੰਬਰ
Cricket Test: ਇੱਥੇ ਭਾਰਤ ਅਤੇ ਆਸਟਰੇਲੀਆ ਦਰਮਿਆਨ ਖੇਡੇ ਜਾ ਰਹੇ ਬਾਰਡਰ-ਗਾਵਸਕਰ ਟਰਾਫੀ ਦੇ ਦੂਜੇ ਕ੍ਰਿਕਟ ਟੈਸਟ ਮੈਚ ਦਾ ਦੂਜਾ ਦਿਨ ਆਸਟਰੇਲੀਆ ਦੇ ਨਾਂ ਰਿਹਾ। ਅੱਜ ਦੀ ਖੇਡ ਸਮਾਪਤ ਹੋਣ ਤਕ ਭਾਰਤੀ ਟੀਮ ਦੀਆਂ ਪੰਜ ਵਿਕਟਾਂ 128 ਦੌੜਾਂ ’ਤੇ ਡਿੱਗ ਗਈਆਂ। ਇਸ ਮੌਕੇ ਰਿਸ਼ਭ ਪੰਤ 28 ਤੇ ਨਿਤੀਸ਼ ਕੁਮਾਰ ਰੈਡੀ 15 ਦੌੜਾਂ ਬਣਾ ਕੇ ਕਰੀਜ਼ ’ਤੇ ਹਨ। ਭਾਰਤੀ ਟੀਮ ਹਾਲੇ ਵੀ 29 ਦੌੜਾਂ ਪਿੱਛੇ ਹੈ। ਭਾਰਤ ਵਲੋਂ ਯਸ਼ੱਸਵੀ ਜੈਸਵਾਲ ਨੇ 24, ਸ਼ੁਭਮਨ ਗਿੱਲ ਨੇ 28 ਦੌੜਾਂ ਬਣਾਈਆਂ ਜਦਕਿ ਕੇ ਐਲ ਰਾਹੁਲ 7 ਤੇ ਵਿਰਾਟ ਕੋਹਲੀ 11 ਦੌੜਾਂ ਹੀ ਬਣਾ ਸਕੇ। ਆਸਟਰੇਲੀਆ ਦੇ ਪੈਟ ਕਮਿਨਸ ਤੇ ਸਕੌਟ ਬੋਲੈਂਡ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਇਕ ਵਿਕਟ ਦੇ ਨੁਕਸਾਨ ਨਾਲ 86 ਦੌੜਾਂ ਤੋਂ ਬਾਅਦ ਪਾਰੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਆਸਟਰੇਲੀਆ ਦੀ ਟੀਮ 337 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਪਹਿਲੀ ਪਾਰੀ ਵਿਚ 157 ਦੌੜਾਂ ਦੀ ਲੀਡ ਹਾਸਲ ਕਰ ਲਈ। ਭਾਰਤ ਵਲੋਂ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਨੇ ਚਾਰ-ਚਾਰ ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਭਾਰਤ ਦੀ ਟੀਮ ਨੇ ਪਹਿਲੀ ਪਾਰੀ ਵਿਚ 180 ਦੌੜਾਂ ਬਣਾਈਆਂ। ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਮੈਚ ਦੀ ਪਹਿਲੀ ਗੇਂਦ ਵਿਚ ਯਸ਼ੱਸਵੀ ਜੈਸਵਾਲ ਆਊਟ ਹੋ ਗਏ। ਇਸ ਤੋਂ ਬਾਅਦ ਕੇ ਐਲ ਰਾਹੁਲ (37 ਦੌੜਾਂ) ਤੇ ਸ਼ੁਭਮਨ ਗਿੱਲ (31 ਦੌੜਾਂ) ਨੇ ਪਾਰੀ ਸੰਭਾਲੀ। ਦੋਵਾਂ ਨੇ ਦੂਜੇ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਵਿਰਾਟ ਕੋਹਲੀ 7, ਰਿਸ਼ਭ ਪੰਤ 21 ਦੇ ਕਪਤਾਨ ਰੋਹਿਤ ਸ਼ਰਮਾ 3 ਦੌੜਾਂ ਬਣਾ ਕੇ ਆਊਟ ਹੋ ਗਏ। ਰਵੀਚੰਦਰਨ ਅਸ਼ਿਵਨ ਨੇ 22 ਦੌੜਾਂ ਦੀ ਪਾਰੀ ਖੇਡੀ ਤੇ ਨਿਤੀਸ਼ ਰੈਡੀ ਨੇ 42 ਦੌੜਾਂ ਸਦਕਾ ਟੀਮ ਦਾ ਸਕੋਰ 180 ’ਤੇ ਪਹੁੰਚਾ ਦਿੱਤਾ। ਮਿਚੇਲ ਸਟਾਰਕ ਨੇ ਛੇ ਵਿਕਟਾਂ ਹਾਸਲ ਕੀਤੀਆਂ ਜਦਕਿ ਪੈਟ ਕਮਿਨਸ ਤੇ ਸਟਾਕ ਬੋਲੈਂਡ ਨੇ 2-2 ਵਿਕਟਾਂ ਹਾਸਲ ਕੀਤੀਆਂ।