ਕ੍ਰਿਕਟ ਟੀ20: ਭਾਰਤ ਨੇ 4-1 ਨਾਲ ਜਿੱਤੀ ਲੜੀ
ਬੰਗਲੂਰੂ, 3 ਦਸੰਬਰ
ਭਾਰਤ ਤੇ ਆਸਟਰੇਲੀਆ ਵਿਚਾਲੇ ਅੱਜ ਇਥੇ ਟੀ-20 ਲੜੀ ਦਾ ਪੰਜਵਾਂ ਤੇ ਅੰਤਿਮ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 6 ਦੌੜਾਂ ਨਾਲ ਹਰਾ ਕੇ ਇਹ ਲੜੀ 4-1 ਨਾਲ ਜਿੱਤ ਲਈ ਹੈ। ਆਸਟਰੇਲੀਅਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ।
ਇਸ ਮਗਰੋਂ ਭਾਰਤ ਨੇ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਦੇ ਨੁਕਸਾਨ ’ਤੇ 160 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਆਸਟਰੇਲੀਆ ਦੀ ਟੀਮ 8 ਵਿਕਟਾਂ ਦੇ ਨੁਕਸਾਨ ’ਤੇ 154 ਦੌੜਾਂ ਹੀ ਬਣਾ ਸਕੀ।
ਟੀਮ ਇੰਡੀਆ ਵੱਲੋਂ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 53 ਦੌੜਾਂ ਦਾ ਯੋਗਦਾਨ ਦਿੱਤਾ ਜਦੋਂਕਿ ਆਸਟਰੇਲੀਆ ਤਰਫੋਂ ਬੈੱਨ ਡੀ. ਅਤੇ ਜੇਸਨ ਬੇਹਰੈਨਡੌਰਫ ਨੇ ਦੋ-ਦੋ ਖਿਡਾਰੀ ਆਊਟ ਕੀਤੇ। ਅਈਅਰ ਨੇ 37 ਗੇਂਦਾਂ ਵਿੱਚ 53 ਦੌੜਾਂ ਬਣਾਈਆਂ ਜਿਸ ਵਿੱਚ ਪੰਜ ਚੌਕੇ ਤੇ ਦੋ ਛੱਕੇ ਸ਼ਾਮਲ ਸਨ। ਇਸ ਤੋਂ ਇਲਾਵਾ ਸੱਤਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰੇ ਅਕਸਰ ਪਟੇਲ ਨੇ 21 ਗੇਂਦਾਂ ਵਿੱਚ ਦੋ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 31 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ। ਟੀਮ ਇੰਡੀਆ ਨੇ ਪਾਵਰਪਲੇਅ ਦੌਰਾਨ ਛੇ ਓਵਰਾਂ ਵਿੱਚ 42 ਦੌੜਾਂ ਬਣਾਈਆਂ ਤੇ ਚਾਰ ਗੇਂਦਾਂ ਦੇ ਵਕਫੇ ’ਚ ਦੋਵੇਂ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ (15 ਗੇਂਦਾਂ ’ਤੇ 21 ਦੌੜਾਂ) ਅਤੇ ਰੁਤੂਰਾਜ ਗਾਇਕਵਾੜ (12 ਗੇਂਦਾਂ ਵਿੱਚ 10 ਦੌੜਾਂ) ਦੇ ਵਿਕਟ ਗੁਆਏ। -ਪੀਟੀਆਈ
ਇੰਗਲੈਂਡ ਮਹਿਲਾ ਏ ਟੀਮ ਨੇ 2-1 ਨਾਲ ਲੜੀ ਜਿੱਤੀ
ਮੁੰਬਈ: ਇਸੀ ਵੌਂਗ ਦੀ ਖੇਡ ਸਦਕਾ ਇੰਗਲੈਂਡ ਮਹਿਲਾ ਏ ਨੇ ਅੱਜ ਇੱਥੇ ਭਾਰਤ ਨੂੰ ਦੋ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ20 ਲੜੀ 2-1 ਨਾਲ ਆਪਣੇ ਨਾਂ ਕੀਤੀ। ਵੌਂਗ ਨੇ 18 ਦੌੜਾਂ ਦੇ ਕੇ ਦੋ ਵਿਕਟਾਂ ਲੈਣ ਮਗਰੋਂ ਘੱਟ ਸਕੋਰ ਵਾਲੇ ਮੈਚ ਵਿੱਚ 30 ਗੇਂਦਾਂ ’ਤੇ 28 ਦੌੜਾਂ ਦੀ ਨਾਬਾਦ ਪਾਰੀ ਖੇਡੀ ਅਤੇ ਟੀਮ ਦੀ ਜਿੱਤ ਯਕੀਨੀ ਬਣਾਈ। ਭਾਰਤ ਏ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕਰਨ ਮਗਰੋਂ 19.2 ਓਵਰਾਂ ਵਿੱਚ 101 ਦੌੜਾਂ ਬਣਾਈਆਂ। ਇੰਗਲੈਂਡ ਏ ਮਹਿਲਾ ਟੀਮ ਨੇ 19.2 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 104 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ। ਮੀਨੂ ਮਨੀ ਦੀ ਅਗਵਾਈ ਵਾਲੀ ਟੀਮ ਨੇ 16ਵੇਂ ਓਵਰ ਵਿੱਚ 81 ਦੌੜਾਂ ਤੱਕ ਇੰਗਲੈਂਡ ਮਹਿਲਾ ਏ ਦੀਆਂ ਅੱਠ ਵਿਕਟਾਂ ਲਈਆਂ ਪਰ ਜੇਤੂ ਚੌਕਾ ਜੜਨ ਵਾਲੀ ਵੌਂਗ ਨੇ ਕ੍ਰਿਸਟੀ ਗਾਰਡਨ (ਨੌਂ ਗੇਂਦਾਂ ਵਿੱਚ ਨਾਬਾਦ 10 ਦੌੜਾਂ) ਨਾਲ ਨੌਵੇਂ ਵਿਕਟ ਲਈ 23 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਦੀ ਜਿੱਤ ’ਤੇ ਮੋਹਰ ਲਗਾਈ। ਵੌਂਗ ਨੇ ਇਸ ਤੋਂ ਪਹਿਲਾਂ ਲੜੀ ਦੇ ਦੂਜੇ ਮੈਚ ਵਿੱਚ ਵੀ 15 ਗੇਂਦਾਂ ’ਤੇ ਨਾਬਾਦ 35 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਛੇ ਵਿਕਟਾਂ ਨਾਲ ਜਿੱਤ ਦਵਾਈ ਸੀ। ਭਾਰਤ ਨੇ ਪਹਿਲਾ ਮੈਚ ਤਿੰਨ ਦੌੜਾਂ ਨਾਲ ਜਿੱਤਿਆ ਸੀ। ਇੰਗਲੈਂਡ ਲਈ ਕਪਤਾਨ ਹੋਲੀ ਆਰਮੀਟਾਜ ਨੇ 28 ਗੇਂਦਾਂ ’ਤੇ 27 ਦੌੜਾਂ, ਜਦਕਿ ਸੇਰੇਨ ਸਮਾਲੇ ਨੇ 18 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਸ਼੍ਰੇਯੰਕਾ ਪਾਟਿਲ ਨੇ ਚਾਰ ਓਵਰਾਂ ਵਿੱਚ 13 ਅਤੇ ਮਨੀ ਨੇ ਚਾਰ ਓਵਰ ਵਿੱਚ 24 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ ਫ਼ੈਸਲਾਕੁਨ ਮੁਕਾਬਲੇ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਨਹੀਂ ਦਿਖਾ ਸਕੀਆਂ। ਇੰਗਲੈਂਡ ਲਈ ਵੌਂਗ ਤੋਂ ਇਲਾਵਾ ਗਾਰਡਨ, ਮੈਡੀ ਵਿਲੀਅਰਜ਼ ਅਤੇ ਲੌਰੇਨ ਫਾਈਲਰ ਨੇ ਦੋ-ਦੋ ਵਿਕਟਾਂ ਲਈਆਂ। -ਪੀਟੀਆਈ