For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ: ਨਿਊਜ਼ੀਲੈਂਡ ਨੇ ਟੈਸਟ ਲੜੀ 3-0 ਨਾਲ ਜਿੱਤੀ

07:14 AM Nov 04, 2024 IST
ਕ੍ਰਿਕਟ  ਨਿਊਜ਼ੀਲੈਂਡ ਨੇ ਟੈਸਟ ਲੜੀ 3 0 ਨਾਲ ਜਿੱਤੀ
ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਨਿ਼ਊਜ਼ੀਲੈਂਡ ਦੇ ਖਿਡਾਰੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਮੁੰਬਈ, 3 ਨਵੰਬਰ
ਨਿਊਜ਼ੀਲੈਂਡ ਨੇ ਅੱਜ ਇੱਥੇ ਵਾਨਖੇੜੇ ਸਟੇਡੀਅਮ ’ਚ ਤੀਜੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ। ਟੈਸਟ ਕ੍ਰਿਕਟ ਦੇ ਇਤਿਹਾਸ ’ਚ 1933 ਤੋਂ ਬਾਅਦ ਭਾਰਤੀ ਟੀਮ ਘਰੇਲੂ ਮੈਦਾਨ ’ਚ ਪਹਿਲੀ ਵਾਰ ਤਿੰਨ ਜਾਂ ਉਸ ਤੋਂ ਵੱਧ ਮੈਚਾਂ ਦੀ ਲੜੀ ਦੇ ਸਾਰੇ ਮੈਚ ਹਾਰੀ ਹੈ।
ਮਹਿਮਾਨ ਟੀਮ ਨੇ ਭਾਰਤ ਨੂੰ ਜਿੱਤ ਲਈ 146 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਕਿਵੀ ਗੇਂਦਬਾਜ਼ਾਂ ਸਾਹਮਣੇ ਮੇਜ਼ਬਾਨ ਟੀਮ 121 ਦੌੜਾਂ ’ਤੇ ਹੀ ਆਊਟ ਹੋ ਗਈ ਹਾਲਾਂਕਿ ਰਿਸ਼ਭ ਪੰਤ (64 ਦੌੜਾਂ) ਨੇ ਨੀਮ ਸੈਂਕੜੇ ਵਾਲੀ ਪਾਰੀ ਖੇਡਦਿਆਂ ਟੀਮ ਨੂੰ ਜਿਤਾਉਣ ਲਈ ਵਾਹ ਲਾਈ ਪਰ ਹੋਰ ਬੱਲੇਬਾਜ਼ਾਂ ਦਾ ਪੂਰਾ ਸਾਥ ਨਾ ਮਿਲਣ ਕਾਰਨ ਉਹ ਅਜਿਹਾ ਕਰਨ ’ਚ ਸਫਲ ਨਾ ਹੋ ਸਕਿਆ। ਦੂਜੀ ਪਾਰੀ ਵਿੱਚ ਪੰਤ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ (11 ਦੌੜਾਂ) ਤੇ ਵਾਸ਼ਿੰਗਟਨ ਸੁੰਦਰ (12 ਦੌੜਾਂ) ਹੀ ਦਹਾਈ ਦਾ ਅੰਕੜਾ ਛੂਹ ਸਕੇ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿੱਚ 235 ਤੇ ਦੂੁਜੀ ਪਾਰੀ ’ਚ 174 ਦੌੜਾਂ ਜਦਕਿ ਭਾਰਤ ਨੇ ਪਹਿਲੀ ਪਾਰੀ ’ਚ 263 ਦੌੜਾਂ ਬਣਾਈਆਂ ਸਨ।

Advertisement

ਐਜਾਜ਼ ਪਟੇਲ ਆਪਣੀ ਪਤਨੀ ਤੇ ਬੇਟੀ ਨਾਲ ਤਸਵੀਰ ਖਿਚਵਾਉਂਦਾ ਹੋਇਆ।

ਭਾਰਤ ਨੇ ਆਪਣੀਆਂ ਆਖਰੀ ਪੰਜ ਵਿਕਟਾਂ ਸਿਰਫ 16 ਦੌੜਾਂ ਦੌਰਾਨ ਹੀ ਗਵਾ ਦਿੱਤੀਆਂ। ਮੈਚ ਦੀਆਂ ਦੋਵਾਂ ਪਾਰੀਆਂ ’ਚ 11 ਵਿਕਟਾਂ ਲੈਣ ਵਾਲੇ ਕਿਵੀ ਸਪਿੰਨਰ ਐਜਾਜ਼ ਪਟੇਲ ਨੂੰ ‘ਪਲੇਅਰ ਆਫ ਦਿ ਮੈਚ’ ਅਤੇ ਵਧੀਆ ਬੱਲੇਬਾਜ਼ੀ ਲਈ ਵਿਲ ਯੰਗ ਨੂੰ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ। ਨਿਊਜ਼ੀਲੈਂਡ ਨੇ ਬੰਗਲੂਰੂ ’ਚ ਪਹਿਲਾ ਟੈਸਟ ਮੈਚ 8 ਵਿਕਟਾਂ ਨਾਲ ਅਤੇ ਪੁਣੇ ’ਚ ਦੂਜਾ ਮੈਚ 113 ਦੌੜਾਂ ਨਾਲ ਜਿੱਤਿਆ ਸੀ। ਇਸ ਦੇ ਨਾਲ ਹੀ ਐਜਾਜ਼ ਪਟੇਲ ਵਾਨਖੇੜੇ ਸਟੇਡੀਅਮ ਵਿੱਚ ਦੋ ਟੈਸਟ ਮੈਚਾਂ ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਵਿਦੇਸ਼ੀ ਗੇਂਦਬਾਜ਼ ਬਣ ਗਿਆ ਹੈ। ਪਟੇਲ ਨੇ ਇਸ ਮੈਦਾਨ ’ਤੇ ਦੋ ਮੈਚਾਂ ’ਚ 25 ਵਿਕਟਾਂ ਲਈਆਂ ਹਨ ਜਦਕਿ ਪਹਿਲਾਂ ਇਹ ਰਿਕਾਰਡ ਇਆਨ ਬਾਥਮ (22 ਵਿਕਟਾਂ) ਦੇ ਨਾਮ ਸੀ। -ਪੀਟੀਆਈ

Advertisement

ਰੋਹਿਤ ਸ਼ਰਮਾ ਨੇ ਹਾਰ ਦੀ ਜ਼ਿੰਮੇਵਾਰੀ ਕਬੂਲੀ

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਲੜੀ ’ਚ ਟੀਮ ਦੀ ਹਾਰ ਦੀ ਜ਼ਿੰਮੇਵਾਰੀ ਕਬੂਲੀ ਹੈ। ਰੋਹਿਤ ਨੇ ਕਿਹਾ, ‘‘ਸ਼ਾਇਦ ਇਹ ਮੇਰੇ ਕਰੀਅਰ ਦਾ ਸਭ ਤੋਂ ਹੇਠਲਾ ਪੱਧਰ ਹੋਵੇਗਾ ਤੇ ਮੈਂ ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਵਧੀਆ ਬੱਲੇਬਾਜ਼ੀ ਨਹੀਂ ਕਰ ਸਕਿਆ।’’

ਡਬਲਿਊਟੀਸੀ ਦਰਜਾਬੰਦੀ ’ਚ ਭਾਰਤ ਦੂਜੇ ਸਥਾਨ ’ਤੇ ਖਿਸਕਿਆ

ਮੁੰਬਈ: ਨਿਊਜ਼ੀਲੈਂਡ ਤੋਂ ਟੈਸਟ ਲੜੀ ਹਾਰਨ ਦੇ ਨਾਲ ਹੀ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦਰਜਾਬੰਦੀ ’ਚ ਦੂੁਜੇ ਸਥਾਨ ’ਤੇ ਖਿਸਕ ਗਈ। ਇਸ ਸੂਚੀ ’ਚ ਭਾਰਤ ਦੇ ਹੁਣ 58.33 ਫ਼ੀਸਦ ਅੰਕ ਹਨ ਜਦਕਿ ਆਸਟਰੇਲੀਆ 62.5. ਫੀਸਦ ਅੰਕਾਂ ਨਾਲ ਪਹਿਲੇ ਸਥਾਨ ’ਤੇ ਆ ਗਿਆ ਹੈ। ਇਸ ਦੌਰਾਨ ਨਿਊਜ਼ੀਲੈਂਡ ਟੀਮ 54.55 ਫੀਸਦ ਅੰਕਾਂ ਨਾਲ ਚੌਥੇ ਸਥਾਨ ’ਤੇ ਆ ਗਈ ਹੈ ਜਦਕਿ ਪੰਜਵੇਂ ਸਥਾਨ ’ਤੇ ਦੱਖਣੀ ਅਫਰੀਕਾ ਦੇ 54.17 ਫੀਸਦ ਅੰਕ ਹਨ। ਸ੍ਰੀਲੰਕਾ ਟੀਮ 55.56 ਫ਼ੀਸਦ ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। -ਆਈਏਐੱਨਐੱਸ

Advertisement
Author Image

Advertisement