ਕ੍ਰਿਕਟ: ਨਿਊਜ਼ੀਲੈਂਡ ਮਹਿਲਾ ਟੀਮ ਨੇ ਭਾਰਤ ਨੂੰ 76 ਦੌੜਾਂ ਨਾਲ ਹਰਾਇਆ
ਅਹਿਮਦਾਬਾਦ, 27 ਅਕਤੂਬਰ
ਕਪਤਾਨ ਸੋਫੀ ਡਿਵਾਇਨ ਦੀ ਸ਼ਾਨਦਾਰ ਖੇਡ ਸਦਕਾ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਮਹਿਲਾ ਇੱਕ ਰੋਜ਼ਾ ਮੈਚ ਵਿੱਚ ਅੱਜ ਇੱਥੇ ਭਾਰਤ ਨੂੰ 76 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ। ਡਿਵਾਇਨ ਨੇ 86 ਗੇਂਦਾਂ ਵਿੱਚ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਮਗਰੋਂ 27 ਦੌੜਾਂ ’ਤੇ ਤਿੰਨ ਵਿਕਟਾਂ ਵੀ ਲਈਆਂ। ਭਾਰਤ ਲਈ ਰਾਧਾ ਯਾਦਵ ਨੇ ਚਾਰ ਵਿਕਟਾਂ ਲੈਣ ਮਗਰੋਂ 48 ਦੌੜਾਂ ਬਣਾਈਆਂ ਪਰ ਉਸ ਦੀ ਕੋਸ਼ਿਸ਼ ਟੀਮ ਲਈ ਨਾਕਾਫ਼ੀ ਸਾਬਤ ਹੋਈ। ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ ਨੌਂ ਵਿਕਟਾਂ ’ਤੇ 259 ਦੌੜਾਂ ਬਣਾਉਣ ਮਗਰੋਂ ਭਾਰਤ ਦੀ ਪਾਰੀ ਨੂੰ 47.1 ਓਵਰ ਵਿੱਚ 183 ਦੌੜਾਂ ’ਤੇ ਸਮੇਟਦਿਆਂ ਲੜੀ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਲੜੀ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਮੰਗਲਵਾਰ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ 108 ਦੌੜਾਂ ’ਤੇ ਅੱਠ ਵਿਕਟਾਂ ਗਵਾਉਣ ਮਗਰੋਂ ਸ਼ਰਮਨਾਕ ਹਾਰ ਵੱਲ ਵਧ ਰਹੀ ਸੀ ਪਰ ਰਾਧਾ ਯਾਦਵ ਅਤੇ ਸਾਈਮਾ ਠਾਕੋਰ (29) ਦੀ ਨੌਵੀਂ ਵਿਕਟ ਲਈ 70 ਦੌੜਾਂ ਦੀ ਭਾਈਵਾਲੀ ਨੇ ਟੀਮ ਨੂੰ ਵੱਡੇ ਫਰਕ ਨਾਲ ਹਾਰਨ ਤੋਂ ਬਚਾਇਆ। ਡਿਵਾਇਨ ਤੋਂ ਇਲਾਵਾ ਲੀਆ ਤਾਹੂਹੂ ਨੇ ਵੀ ਤਿੰਨ ਵਿਕਟਾਂ ਲਈਆਂ, ਜਦਕਿ ਜੈੱਸ ਕੇਰ ਅਤੇ ਈਡਨ ਕਾਰਸੋਨ ਨੇ ਦੋ-ਦੋ ਵਿਕਟਾਂ ਲਈਆਂ। ਡਿਵਾਇਨ ਨੇ 86 ਗੇਂਦਾਂ ਵਿੱਚ 79 ਦੌੜਾਂ ਬਣਾਈਆਂ। ਉਸ ਨੇ ਮੈਡੀ ਗਰੀਨ (41 ਗੇਂਦਾਂ ’ਤੇ 42 ਦੌੜਾਂ) ਨਾਲ ਪੰਜਵੀਂ ਵਿਕਟ ਲਈ 82 ਦੌੜਾਂ ਦੀ ਭਾਈਵਾਲੀ ਕਰਕੇ ਨਿਊਜ਼ੀਲੈਂਡ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਰਾਧਾ ਨੇ ਚਾਰ ਵਿਕਟਾਂ ਲਈਆਂ, ਜਦਕਿ ਦੀਪਤੀ ਸ਼ਰਮਾ ਨੇ ਦੋ, ਪ੍ਰੀਆ ਮਿਸ਼ਰਾ ਅਤੇ ਸਾਈਮਾ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ