ਕ੍ਰਿਕਟ: ਜਸਪ੍ਰੀਤ ਬੁਮਰਾਹ ਨੂੰ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਲੜੀ ਲਈ ਭਾਰਤੀ ਟੀਮ ਦਾ ਉਪ ਕਪਤਾਨ ਬਣਾਇਆ
ਨਵੀਂ ਦਿੱਲੀ, 11 ਅਕਤੂਬਰ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਨਿਊਜ਼ੀਲੈਂਡ ਖਿਲਾਫ਼ ਅਗਾਮੀ ਤਿੰਨ ਟੈਸਟ ਮੈਚਾਂ ਦੀ ਲੜੀ ਲਈ 15 ਮੈਂਬਰੀ ਭਾਰਤੀ ਕ੍ਰਿਕਟ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਲੜੀ ਦਾ ਪਹਿਲਾ ਟੈਸਟ ਮੈਚ 16 ਅਕਤੂਬਰ ਤੋਂ ਬੰਗਲੂਰੂ ’ਚ ਖੇਡਿਆ ਜਾਵੇਗਾ। ਇਸ ਕਦਮ ਤੋਂ ਸੰਕੇਤ ਮਿਲਦੇ ਹਨ ਕਿ ਕਪਤਾਨ ਰੋਹਿਤ ਸ਼ਰਮਾ ਦੀ ਗ਼ੈਰਹਾਜ਼ਰੀ ’ਚ ਬੁਮਰਾਹ ਟੀਮ ਦੀ ਕਮਾਨ ਸੰਭਾਲੇਗਾ ਕਿਉਂਕਿ ਬੰਗਲਾਦੇਸ਼ ਖ਼ਿਲਾਫ਼ ਹਾਲੀਆ ਦੋ ਟੈਸਟ ਮੈਚਾਂ ਦੀ ਲੜੀ ਦੌਰਾਨ ਕਿਸੇ ਨੂੰ ਵੀ ਉਪ ਕਪਤਾਨ ਨਹੀਂ ਬਣਾਇਆ ਗਿਆ ਸੀ।
ਟੀਮ ’ਚ ਹਰਸ਼ਿਤ ਰਾਣਾ, ਨਿਤੀਸ਼ ਕੁਮਾਰ ਰੈੱਡੀ, ਮਯੰਕ ਯਾਦਵ ਅਤੇ ਪ੍ਰਸਿੱਧ ਕ੍ਰਿਸ਼ਨਾ ਨੂੰ ਰਾਖਵੇਂ ਖਿਡਾਰੀ ਵਜੋਂ ਟੀਮ ਨਾਲ ਰੱਖਿਆ ਗਿਆ ਹੈ। ਨਿਊਜ਼ੀਲੈਂਡ ਖ਼ਿਲਾਫ਼ ਲੜੀ ਲਈ ਐਲਾਨੀ ਟੀਮ ’ਚ ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ.ਐੱਲ. ਰਾਹੁਲ, ਸਰਫਰਾਜ਼ ਖ਼ਾਨ, ਰਿਸ਼ਭ ਪੰਤ ਤੇ ਧਰੁਵ ਜੁਰੈਲ (ਦੋਵੇਂ ਵਿਕਟ ਕੀਪਰ), ਰਵੀਚੰਦਰਨ ਅਸ਼ਿਵਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਅਕਾਸ਼ਦੀਪ ਨੂੰ ਸ਼ਾਮਲ ਕੀਤਾ ਗਿਆ ਹੈ।-ਪੀਟੀਆਈ