ਕ੍ਰਿਕਟ: ਹਰਮਨਪ੍ਰੀਤ ਤੇ ਮੰਧਾਨਾ ਦੇ ਸੈਂਕੜਿਆਂ ਸਦਕਾ ਭਾਰਤ ਜੇਤੂ
ਬੰਗਲੂਰੂ, 19 ਜੂਨ
ਸਮ੍ਰਿਤੀ ਮੰਧਾਨਾ ਤੇ ਕਪਤਾਨ ਹਰਮਨਪ੍ਰੀਤ ਕੌਰ ਦੇ ਸੈਂਕੜਿਆਂ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਚਾਰ ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਦੱਖਣੀ ਅਫਰੀਕਾ ਨੂੰ ਜਿੱਤ ਲਈ 326 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਮਹਿਮਾਨ ਟੀਮ ਕਪਤਾਨ ਲੌਰਾ ਵੌਲਵਾਰਡਟ (135 ਦੌੜਾਂ) ਤੇ ਮੱਧਕ੍ਰਮ ਦੀ ਬੱਲੇਬਾਜ਼ ਮੈਰੀਜ਼ਾਨੇ ਕਾਪ (114 ਦੌੜਾਂ) ਦੇ ਸੈਂਕੜਿਆਂ ਦੇ ਬਾਵਜੂਦ ਛੇ ਵਿਕਟਾਂ ਗੁਆ ਕੇ 321 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ’ਚ 2-0 ਦੀ ਲੀਡ ਹਾਸਲ ਕਰ ਲਈ ਹੈ।
ਭਾਰਤ ਨੇ ਐਤਵਾਰ ਨੂੰ ਪਹਿਲੇ ਮੈਚ ’ਚ ਦੱਖਣੀ ਅਫਰੀਕਾ ਨੂੰ 143 ਦੌੜਾਂ ਨਾਲ ਹਰਾਇਆ ਸੀ। ਭਾਰਤੀ ਟੀਮ ਨੇ ਪਹਿਲਾਂ ਖੇਡਦਿਆਂ ਸਮ੍ਰਿਤੀ ਮੰਧਾਨਾ ਦੀਆਂ 136 ਦੌੜਾਂ ਤੇ ਹਰਮਨਪ੍ਰੀਤ ਦੀਆਂ ਨਾਬਾਦ 103 ਦੌੜਾਂ ਸਦਕਾ 50 ਓਵਰਾਂ ’ਚ ਤਿੰਨ ਵਿਕਟਾਂ ਗੁਆ ਕੇੇ 325 ਦੌੜਾਂ ਬਣਾਈਆਂ। ਦੱਖਣੀ ਅਫ਼ਰੀਕਾ ਵੱਲੋਂ ਸਲਾਮੀ ਬੱਲੇਬਾਜ਼ ਕਪਤਾਨ ਲੌਰਾ ਵੌਲਵਾਰਡਟ (135 ਦੌੜਾਂ) ਤੇ ਮੱਧਕ੍ਰਮ ਬੱਲੇਬਾਜ਼ ਮੈਰੀਜ਼ਾਨੇ (114 ਦੌੜਾਂ) ਨੇ ਸੈਂਕੜੇ ਜੜਦਿਆਂ ਟੀਮ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਪਰ ਉਹ ਇਸ ਵਿੱਚ ਸਫਲ ਨਾ ਹੋ ਸਕੀਆਂ। -ਪੀਟੀਆਈ