ਕ੍ਰਿਕਟ: ਸਪਿੰਨਰਾਂ ਦੀ ਚੁਣੌਤੀ ਦਾ ਸਾਹਮਣਾ ਨਹੀਂ ਕਰ ਸਕਿਆ ਭਾਰਤ
* ਪਹਿਲੀ ਪਾਰੀ ’ਚ ਭਾਰਤੀ ਟੀਮ 156 ਦੌੜਾਂ ’ਤੇ ਸਿਮਟੀ
ਪੁਣੇ, 25 ਅਕਤੂਬਰ
ਬਿਹਤਰੀਨ ਸਪਿੰਨ ਗੇਂਦਬਾਜ਼ੀ ਖ਼ਿਲਾਫ਼ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਕਮਜ਼ੋਰ ਰਿਹਾ ਅਤੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਨਿਊਜ਼ੀਲੈਂਡ ਨੇ 301 ਦੌੜਾਂ ਦੀ ਮਜ਼ਬੂਤ ਲੀਡ ਬਣਾ ਲਈ। ਮਿਸ਼ੇਲ ਸੈਂਟਨਰ ਦੀਆਂ ਸੱਤ ਵਿਕਟਾਂ ਮਗਰੋਂ ਟੌਮ ਲਾਥਮ (86) ਨੇ ਬੱਲੇ ਨਾਲ ਕਮਾਲ ਕਰਦਿਆਂ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ’ਤੇ 198 ਦੌੜਾਂ ਤੱਕ ਪਹੁੰਚਾਇਆ। ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ’ਚ 103 ਦੌੜਾਂ ਦੀ ਲੀਡ ਮਿਲੀ ਸੀ। ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਟੌਮ ਬਲੰਡੇਲ 30 ਅਤੇ ਗਲੇਨ ਫਿਲਿਪਸ ਸੱਤ ਦੌੜਾਂ ਬਣਾ ਕੇ ਖੇਡ ਰਹੇ ਸੀ।
ਭਾਰਤ ਲਈ ਇਕਲੌਤੀ ਚੰਗੀ ਗੱਲ ਵਾਸ਼ਿੰਗਟਨ ਸੁੰਦਰ ਦਾ ਪ੍ਰਦਰਸ਼ਨ ਰਹੀ, ਜਿਸ ਨੇ ਮੈਚ ਵਿੱਚ 11 ਵਿਕਟਾਂ ਲੈ ਲਈਆਂ ਹਨ। ਨਿਊਜ਼ੀਲੈਂਡ ਦੀਆਂ ਨਜ਼ਰਾਂ ਭਾਰਤ ਵਿੱਚ ਲੜੀ ’ਚ ਇਤਿਹਾਸਕ ਜਿੱਤ ’ਤੇ ਟਿਕੀਆਂ ਹੋਈਆਂ ਹਨ। ਪਹਿਲੀ ਵਾਰ ਨਿਊਜ਼ੀਲੈਂਡ ਨੇ 1955-56 ਦੇ ਦੌਰੇ ’ਤੇ ਇੱਥੇ ਲੜੀ ਜਿੱਤੀ ਸੀ। ਭਾਰਤੀ ਬੱਲੇਬਾਜ਼ਾਂ ਨੂੰ ਇਸ ਪਿੱਚ ’ਤੇ ਖੇਡਣ ਵਿੱਚ ਦਿੱਕਤ ਆ ਰਹੀ ਸੀ ਪਰ ਨਿਊਜ਼ੀਲੈਂਡ ਦੇ ਬੱਲੇਬਾਜ਼ ਆਰਾਮ ਨਾਲ ਖੇਡੇ। ਬੰਗਲੂਰੂ ਵਿੱਚ ਪਿਛਲੇ ਟੈਸਟ ਵਿੱਚ ਘਰੇਲੂ ਮੈਚ ’ਚ ਆਪਣਾ ਘੱਟੋ-ਘੱਟ ਸਕੋਰ 46 ਦੌੜਾਂ ’ਤੇ ਸਿਮਟਣ ਵਾਲੀ ਭਾਰਤੀ ਟੀਮ ਨਿਊਜ਼ੀਲੈਂਡ ਤੋਂ 36 ਸਾਲਾਂ ’ਚ ਪਹਿਲੀ ਵਾਰ ਆਪਣੇ ਦੇਸ਼ ਵਿੱਚ ਟੈਸਟ ਹਾਰੀ ਸੀ। ਭਾਰਤ ਨੇ ਇੰਗਲੈਂਡ ਤੋਂ 2012-12 ਸੈਸ਼ਨ ਵਿੱਚ ਹਾਰਨ ਮਗਰੋਂ ਆਪਣੀ ਧਰਤੀ ’ਤੇ ਟੈਸਟ ਲੜੀ ਨਹੀਂ ਗੁਆਈ ਹੈ। ਭਾਰਤੀ ਟੀਮ ਪਹਿਲੀ ਪਾਰੀ ਵਿੱਚ 45.3 ਓਵਰਾਂ ਵਿੱਚ 156 ਦੌੜਾਂ ’ਤੇ ਆਊਟ ਹੋ ਗਈ।