ਕ੍ਰਿਕਟ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ ਅੱਜ
ਚੇਨੱਈ, 18 ਸਤੰਬਰ
ਭਾਰਤ ਦੀ ਨਜ਼ਰ ਵੀਰਵਾਰ ਨੂੰ ਇਥੇ ਬੰਗਲਾਦੇਸ਼ ਖ਼ਿਲਾਫ਼ ਸ਼ੁਰੂ ਹੋ ਰਹੀ ਦੋ ਟੈਸਟ ਮੈਚਾਂ ਦੀ ਲੜੀ ਜਿੱਤ ਕੇ ਘਰੇਲੂ ਜ਼ਮੀਨ ’ਤੇ ਆਪਣਾ ਦਬਦਬਾ ਕਾਇਮ ਰੱਖਣ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੀ ਅੰਕ ਸੂਚੀ ਵਿੱਚ ਸਿਖ਼ਰ ’ਤੇ ਆਪਣੀ ਸਥਿਤੀ ਮਜ਼ਬੂਤ ਕਰਨ ’ਤੇ ਹੋਵੇਗੀ। ਭਾਰਤੀ ਬੱਲੇਬਾਜ਼ਾਂ ਨੂੰ ਸਪਿੰਨ ਖ਼ਿਲਾਫ਼ ਪ੍ਰਦਰਸ਼ਨ ’ਚ ਸੁਧਾਰ ਕਰਨਾ ਪਵੇਗਾ। ਪਿਛਲੇ ਦਹਾਕੇ ’ਚ ਘਰੇਲੂ ਧਰਤੀ ’ਤੇ ਭਾਰਤ ਦੀ ਜਿੱਤ-ਹਾਰ ਦਾ ਰਿਕਾਰਡ 40-4 ਰਿਹਾ ਹੈ ਪਰ ਪਿਛਲੇ ਤਿੰਨ ਸਾਲਾਂ ਵਿੱਚ ਕੁੱਝ ਕਮਜ਼ੋਰੀਆਂ ਵੀ ਸਾਹਮਣੇ ਆਈਆਂ ਹਨ। ਇਸ ਵਿੱਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਲੈਅ ਵੀ ਇੱਕ ਹੈ।
ਕੋਹਲੀ ਨੇ 2015 ਤੋਂ ਘਰੇਲੂ ਮੈਦਾਨ ’ਤੇ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ’ਚ ਅਹਿਮ ਭੂਮਿਕਾ ਨਿਭਾਈ ਹੈ ਪਰ 2021 ਤੋਂ ਸਪਿੰਨ ਖ਼ਿਲਾਫ਼ ਉਸ ਦਾ ਪ੍ਰਦਰਸ਼ਨ ਬਹੁਤਾ ਵਧੀਆ ਨਹੀਂ ਰਿਹਾ। ਇਸ ਦੌਰਾਨ 15 ਟੈਸਟਾਂ ਵਿੱਚ ਉਸ ਦੀ ਔਸਤ 30 ਰਹੀ ਹੈ। 2021 ਤੋਂ ਬਾਅਦ ਸਪਿੰਨਰਾਂ ਖ਼ਿਲਾਫ਼ ਕਪਤਾਨ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਵੀ ਬਹੁਤਾ ਪ੍ਰਭਾਵਸ਼ਾਲੀ ਨਹੀਂ ਰਿਹਾ। ਰੋਹਿਤ ਅਨੁਸਾਰ ਕੇਐੱਲ ਰਾਹੁਲ ਤੇਜ਼ ਗੇਂਦਬਾਜ਼ਾਂ ਅਤੇ ਸਪਿੰਨਰਾਂ ਦੋਵਾਂ ਖ਼ਿਲਾਫ਼ ਚੰਗਾ ਖਿਡਾਰੀ ਹੈ ਪਰ ਅੰਕੜੇ ਕੁੱਝ ਹੋਰ ਹੀ ਦੱਸਦੇ ਹਨ। ਪਿਛਲੇ ਤਿੰਨ ਸਾਲਾਂ ’ਚ ਰਾਹੁਲ ਨੇ ਘਰੇਲੂ ਮੈਦਾਨ ’ਤੇ ਪੰਜ ਟੈਸਟ ਖੇਡੇ ਅਤੇ ਸਪਿੰਨਰਾਂ ਖ਼ਿਲਾਫ਼ ਉਸ ਦੀ ਔਸਤ ਸਿਰਫ 23.40 ਰਹੀ ਹੈ। ਹਾਲਾਂਕਿ ਰਿਸ਼ਭ ਪੰਤ, ਸ਼ੁਭਮਨ ਗਿੱਲ ਅਤੇ ਯਸ਼ਸਵੀ ਜੈਸਵਾਲ ਨੇ ਸਪਿੰਨਰਾਂ ਖ਼ਿਲਾਫ਼ ਵਧੀਆ ਪ੍ਰਦਰਸ਼ਨ ਕੀਤਾ ਹੈ। ਗੇਂਦਬਾਜ਼ੀ ਵਿਭਾਗ ’ਚ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦਾ ਖੇਡਣਾ ਲਗਪਗ ਤੈਅ ਹੈ। ਹਾਲਾਂਕਿ ਭਾਰਤ ਨੂੰ ਇਹ ਤੈਅ ਕਰਨਾ ਪਵੇਗਾ ਕਿ ਐੱਮਏ ਚਿਦੰਬਰਮ ਸਟੇਡੀਅਮ ਦੀ ਲਾਲ ਮਿੱਟੀ ਵਾਲੀ ਪਿੱਚ ’ਤੇ ਤੀਜੇ ਤੇਜ਼ ਗੇਂਦਬਾਜ਼ ਦੇ ਰੂਪ ’ਚ ਆਕਾਸ਼ ਦੀਪ ਜਾਂ ਯਸ਼ ਦਿਆਲ ਨੂੰ ਖਿਡਾਉਣਾ ਹੈ ਜਾਂ ਘਰੇਲੂ ਟੈਸਟ ’ਚ ਤਿੰਨ ਸਪਿੰਨਰਾਂ ਨਾਲ ਜਾਣ ਦਾ ਰੁਝਾਨ ਬਰਕਰਾਰ ਰੱਖਣਾ ਹੈ। -ਪੀਟੀਆਈ