ਸ਼ਮਸ਼ਾਨਘਾਟ: ਸਸਕਾਰ ਲਈ ਲੱਕੜਾਂ ਦੇ ਵੱਧ ਪੈਸੇ ਮੰਗਣ ’ਤੇ ਵਿਵਾਦ
ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਮਾਰਚ
ਇਥੇ ਸ਼ਹਿਰੀ ਦੀ ਪੁਰਾਣੀ ਤੇ ਪ੍ਰਮੁੱਖ ਗਾਂਧੀ ਰੋਡ ਸਥਿਤ ਸ਼ਮਸ਼ਾਨਘਾਟ ਦਾ ਪ੍ਰਬੰਧ ਵਿਵਾਦਾਂ ਵਿੱਚ ਘਿਰ ਗਿਆ ਹੈ। ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਤੋਂ ਲੱਕੜ ਦੀ ਵੱਧ ਕੀਮਤ ਮੰਗਣ ਤੋਂ ਅੰਤਿਮ ਸੰਸਕਾਰ ਲਈ ਆਏ ਵਿਅਕਤੀਆਂ ਦੀ ਪ੍ਰਬੰਧਕਾਂ ਨਾਲ ਲੜਾਈ ਵੀ ਹੋ ਗਈ। ਨਗਰ ਨਿਗਮ ਨੇ ਸਸਕਾਰ ਲਈ ਲੱਕੜ ਦੀ ਕੀਮਤ 4 ਹਜ਼ਾਰ ਰੁਪਏ ਰੱਖੀ ਹੈ ਪਰ ਇੱਥੇ ਸਿਰਫ ਸਾਢੇ ਸੱਤ ਹਜ਼ਾਰ ਰੁਪਏ ਹੀ ਵਸੂਲੇ ਜਾ ਰਹੇ ਹਨ। ਝਗੜਾ ਨਬਿੇੜਨ ਲਈ ਪੁਲੀਸ ਨੂੰ ਦਖ਼ਲ ਦੇਣਾ ਪਿਆ। ਇਸ ਵਿਵਾਦ ਮਗਰੋਂ ਸ਼ਹਿਰ ਦੇ ਜਾਗਰੂਕ ਲੋਕਾਂ ਨੇ ਸ਼ਮਸ਼ਾਨਘਾਟ ਦੇ ਪ੍ਰਬੰਧਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ।
ਕੌਂਸਲਰ ਹਰੀਰਾਮ ਨੂੰ ਸ਼ਮਸ਼ਾਨਘਾਟ ਦਾ ਸਰਪ੍ਰਸਤ ਬਣਾ ਕੇ ਪ੍ਰਬੰਧਕੀ ਜ਼ਿੰਮੇਵਾਰੀ ਦੇ ਅਧਿਕਾਰ ਦਿੱਤੇ ਗਏ ਹਨ ਤੇ ਸੋਨੂ ਅਰੋੜਾ ਨੂੰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨਘਾਟ ਦੇ ਪ੍ਰਬੰਧਾਂ ਲਈ ਆਰਜ਼ੀ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਸ਼ਹਿਰ ਦੇ ਜਾਗਰੂਕ ਲੋਕਾਂ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਪ੍ਰਬੰਧਕ ਕਮੇਟੀ ਬਣਾਈ ਜਾਵੇਗੀ। ਨਵੀਂ ਕਮੇਟੀ ਦੇ ਹੋਂਦ ਵਿੱਚ ਆਉਂਦੇ ਹੀ ਸ਼ਮਸ਼ਾਨਘਾਟ ਵਿੱਚ ਕਈ ਬੇਨਿਯਮੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਸ਼ਮਸ਼ਾਨਘਾਟ ਵਿੱਚ ਲਗਾਏ ਗਏ ਸੋਲਰ ਪੈਨਲ ਦਾ ਕੁਨੈਕਸ਼ਨ ਇੱਕ ਨਿੱਜੀ ਵਿਅਕਤੀ ਦੇ ਨਾਂ ’ਤੇ ਹੈ। ਬਿਜਲੀ ਬੋਰਡ ਤੋਂ ਵਾਧੂ ਯੂਨਿਟ ਦੀ ਰਕਮ ਦਾ ਲਾਭ ਵੀ ਪ੍ਰਾਈਵੇਟ ਵਿਅਕਤੀ ਹੀ ਲੈ ਰਿਹਾ ਹੈ। ਸ਼ਮਸ਼ਾਨਘਾਟ ਦੇ ਇੱਕ ਹਿੱਸੇ ਵਿੱਚ ਅਚਾਰ ਬਣਾਉਣ ਵਾਲੀ ਫੈਕਟਰੀ ਵੀ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ। ਇੱਕ ਹਿੱਸੇ ਵਿੱਚ ਇੱਕ ਫੈਕਟਰੀ ਦਾ ਕਬਾੜ ਰੱਖਿਆ ਗਿਆ ਸੀ ਜਦਕਿ ਵਰਾਂਡੇ ਵਿੱਚ ਬੈੱਡ, ਕੂਲਰ, ਏਸੀ ਅਤੇ ਹੋਰ ਘਰੇਲੂ ਸਾਮਾਨ ਰੱਖਿਆ ਗਿਆ ਸੀ ਜਿਸ ਦਾ ਸ਼ਮਸ਼ਾਨਘਾਟ ਪ੍ਰਬੰਧਕ ਕਮੇਟੀ ਨਾਲ ਕੋਈ ਸਬੰਧ ਨਹੀਂ ਹੈ। ਇੰਨਾ ਹੀ ਨਹੀਂ, ਕਈ ਸਾਲ ਪਹਿਲਾਂ ਰੋਟਰੀ ਕਲੱਬ ਨੇ ਮ੍ਰਿਤਕ ਦੇਹ ਨੂੰ ਸੰਭਾਲਣ ਲਈ ਚਾਰ ਫਰਿੱਜ ਦਿੱਤੇ ਸਨ ਤਾਂ ਜੋ ਮ੍ਰਿਤਕ ਦੇਹ ਨੂੰ ਦੋ ਤਿੰਨ ਜਾਂ ਇਸ ਤੋਂ ਵੱਧ ਦਿਨਾਂ ਲਈ ਸੰਭਾਲਿਆ ਜਾ ਸਕੇ ਪਰ ਫਰਿੱਜ ਕਮਰਿਆਂ ਵਿੱਚ ਠੁੱਸ ਪਏ ਸਨ। ਫਰਿੱਜਾਂ ਬਾਹਰ ਵਰਾਂਡੇ ਵਿੱਚ ਰੱਖਿਆ ਹੋਇਆ ਸੀ। ਲੱਖਾਂ ਰੁਪਏ ਦੀ ਕੀਮਤ ਦੇ ਇਨ੍ਹਾਂ ਫਰਿੱਜਾਂ ਦੀ ਵਰਤੋਂ ਨਾ ਹੋਣ ਕਾਰਨ ਲੋਕ ਲਾਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਸੰਘਵਾਲਾ ਸਥਿਤ ਮ੍ਰਿਤਕ ਦੇਹ ਸੰਭਾਲ ਕੇਂਦਰ ਵਿੱਚ ਜਾਣ ਲਈ ਮਜਬੂਰ ਹਨ।
ਨਵੀਂ ਕਮੇਟੀ ਦੇ ਮੈਂਬਰ ਬਣੇ ਕੌਂਸਲਰ ਹਰੀ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁਰਾਣਾ ਦਫਤਰ ਸ਼ਮਸ਼ਾਨਘਾਟ ਦੇ ਨਾਲ ਲੱਗਦਾ ਹੈ ਪਰ ਉਨ੍ਹਾਂ ਨੇ ਕਦੇ ਵੀ ਸ਼ਮਸ਼ਾਨਘਾਟ ਵਿੱਚ ਦਖ਼ਲ ਨਹੀਂ ਦਿੱਤਾ ਪਰ ਮੌਜੂਦਾ ਸਮੇਂ ਵਿੱਚ ਜੋ ਹਾਲਾਤ ਪੈਦਾ ਹੋ ਰਹੇ ਹਨ ਉਹ ਠੀਕ ਨਹੀਂ ਹਨ। ਨਗਰ ਨਿਗਮ ਨੇ ਸਸਕਾਰ ਲਈ ਲੱਕੜ ਦੀ ਕੀਮਤ 4 ਹਜ਼ਾਰ ਰੁਪਏ ਰੱਖੀ ਹੈ ਪਰ ਇੱਥੇ ਸਿਰਫ ਸਾਢੇ ਸੱਤ ਹਜ਼ਾਰ ਰੁਪਏ ਵਸੂਲੇ ਜਾ ਰਹੇ ਹਨ ਅਤੇ ਪੈਸੇ ਦੇਣ ਤੋਂ ਅਸਮਰੱਥ ਗਰੀਬ ਲੋਕਾਂ ਨੂੰ ਅੰਤਿਮ ਸੰਸਕਾਰ ਕਰਨ ਲਈ ਕਿਤੇ ਹੋਰ ਜਾਣ ਲਈ ਕਿਹਾ ਜਾਂਦਾ ਹੈ।