ਸੜਕ ਹਾਦਸੇ ’ਚ ਫੌਤ ਹੋਏ ਤਿੰਨ ਉੜਦਣ ਵਾਸੀਆਂ ਦਾ ਸਸਕਾਰ
ਪੱਤਰ ਪ੍ਰੇਰਕ
ਬਨੂੜ, 11 ਜੂਨ
ਪਿੰਡ ਉੜਦਣ ਵਿੱਚ ਅੱਜ ਦੇਰ ਸ਼ਾਮ ਤਿੰਨ ਸਿਵੇ ਇਕੱਠੇ ਬਲੇ। ਜ਼ਿਕਰਯੋਗ ਹੈ ਕਿ ਪਿੰਡ ਉੜਦਣ ਦੇ 65 ਦੇ ਕਰੀਬ ਵਸਨੀਕ ਸੋਮਵਾਰ ਨੂੰ ਸਵੇਰੇ ਸੱਤ ਵਜੇ ਕੈਂਟਰ ’ਤੇ ਡਬਲ ਛੱਤ ਬਣਾ ਕੇ ਗੁਰੂ ਰਵਿਦਾਸ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਚਰਨ ਗੰਗਾ ਸਾਹਿਬ ਖੁਰਾਲਗੜ੍ਹ (ਹੁਸ਼ਿਆਰਪੁਰ) ਵਿੱਚ ਬਾਬਾ ਸਵਰਨਾ ਦਾਸ ਦੇ ਬਰਸੀ ਸਮਾਗਮ ਵਿੱਚ ਸ਼ਿਰਕਤ ਕਰਨ ਗਏ ਸਨ। ਇਹ ਸ਼ਰਧਾਲੂ ਰਾਤ ਨੌਂ ਵਜੇ ਖੁਰਾਲਗੜ੍ਹ ਤੋਂ ਡੇਰਾ ਬੱਲਾਂ ਵਿੱਚ ਚਲੇ ਸਨ। ਉਹ ਹਾਲੇ ਕੁੱਝ ਦੂਰੀ ’ਤੇ ਪੈਂਦੇ ਪਿੰਡ ਟੋਰੋਵਾਲ ਨੇੜੇ ਹੀ ਪੁੱਜੇ ਸਨ ਕਿ ਕੈਂਟਰ ਬੇਕਾਬੂ ਹੋ ਕੇ ਖਦਾਨ ਵਿੱਚ ਜਾ ਡਿੱਗਿਆ। ਇਸ ਹਾਦਸੇ ’ਚ ਘਟਨਾ ਸਥਾਨ ’ਤੇ ਹੀ ਨੌਂ ਸਾਲਾ ਨਵਜੋਤ ਕੌਰ, 45 ਸਾਲਾ ਜਸਮੇਰ ਸਿੰਘ ਤੇ 50 ਸਾਲਾ ਗੁਰਮੁੱਖ ਸਿੰਘ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਨਵਜੋਤ ਕੌਰ ਦੀ ਪੰਦਰਾਂ ਸਾਲਾ ਭੈਣ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਹਸਪਤਾਲ ਤੇ 40 ਸਾਲਾ ਮਾਂ ਪਿੰਕੀ ਪੀਜੀਆਈ ਵਿੱਚ ਜ਼ੇਰੇ ਇਲਾਜ ਹਨ ਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਇਸ ਵੇਲੇ ਦੋ ਜ਼ਖ਼ਮੀ ਸੈਕਟਰ-32 ਹਸਪਤਾਲ, ਸੱਤ ਪੀਜੀਆਈ ਅਤੇ 20 ਦੇ ਕਰੀਬ ਜ਼ਖ਼ਮੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ ਵਿੱਚੋਂ ਦਸ ਦੇ ਕਰੀਬ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਾਕੀ ਜ਼ਖ਼ਮੀਆਂ ਨੂੰ ਗੜ੍ਹਸ਼ੰਕਰ ਤੇ ਉਸ ਖੇਤਰ ਦੇ ਹੋਰ ਹਸਪਤਾਲਾਂ ਵਿੱਚੋਂ ਮੁੱਢਲੀ ਸਹਾਇਤਾ ਦੇਣ ਮਗਰੋਂ ਘਰੋ ਘਰੀ ਭੇਜ ਦਿੱਤਾ ਗਿਆ ਹੈ। ਇਸ ਬਾਰ ਪਤਾ ਲੱਗਦਿਆਂ ਹੀ ਜਗਜੀਤ ਸਿੰਘ ਛੜਬੜ੍ਹ ਘਟਨਾ ਸਥਾਨ ’ਤੇ ਪੁੱਜੇ ਲੋੜੀਂਦੀ ਸਹਾਇਤਾ ਕੀਤੀ। ਸਸਕਾਰ ਮੌਕੇ ਵਿਧਾਇਕਾ ਨੀਨਾ ਮਿੱਤਲ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਬਸਪਾ ਆਗੂ ਜਗਜੀਤ ਸਿੰਘ ਛੜਬੜ ਨੇ ਪਰਿਵਾਰਾਂ ਨਾਲ ਦੁੱਖ ਵੰਡਾਇਆ।