ਜੰਮੂ ਵਿੱਚ ਮਾਰੇ ਗਏ ਜਵਾਨ ਦਾ ਸਰਕਾਰੀ ਸਨਮਾਨ ਨਾਲ ਸਸਕਾਰ
ਪੱਤਰ ਪ੍ਰੇਰਕ
ਤਰਨ ਤਾਰਨ, 4 ਸਤੰਬਰ
ਜੰਮੂ ਵਿਚ ਸੋਮਵਾਰ ਦੀ ਸਵੇਰ ਭੇਤਭਰੀ ਹਾਲਤ ਵਿੱਚ ਮਾਰੇ ਗਏ ਇਲਾਕੇ ਦੇ ਪਿੰਡ ਬੁਰਜ (ਥਾਣਾ ਝਬਾਲ) ਦੇ ਵਾਸੀ ਫੌਜੀ ਜਵਾਨ ਕੁਲਦੀਪ ਸਿੰਘ (32) ਦਾ ਅੱਜ ਉਸ ਦੇ ਜੱਦੀ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਸ ਦੇ ਸਸਕਾਰ ਮੌਕੇ ਆਏ ਫੌਜੀ ਅਧਿਕਾਰੀਆਂ ਨੇ ਮੌਤ ਦੇ ਕਾਰਨਾਂ ਦਾ ਖੁਲਾਸਾ ਕਰਨ ਤੋਂ ਗੁਰੇਜ਼ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਕੋਈ ਜਾਣਕਾਰੀ ਸਾਂਝੀ ਨਾ ਕੀਤੀ।
ਇਸ ਫੌਜੀ ਜਵਾਨ ਦੀ ਮ੍ਰਿਤਕ ਦੇਹ ਅੱਜ ਸਵੇਰੇ ਪਿੰਡ ਆਈ, ਜਿਸ ਨੂੰ ਫੌਜੀ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਰਧਾਂਜਲੀਆਂ ਦਿੱਤੀਆਂ| ਇਸ ਮੌਕੇ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਦੀ ਗੈਰਹਾਜ਼ਰੀ ਰੜਕਦੀ ਰਹੀ। ਇਸ ਮ੍ਰਿਤਕ ਜਵਾਨ ਦੀ ਪਤਨੀ ਸਰਬਜੀਤ ਕੌਰ ਉਸ ਦੇ ਨਾਲ ਹੀ ਜੰਮੂ ਦੀ ਫੌਜੀ ਛਾਉਣੀ ਵਿੱਚ ਬੱਚਿਆਂ ਸਮੇਤ ਰਹਿੰਦੀ ਸੀ। ਫੌਜੀ ਜਵਾਨ ਆਪਣੇ ਪਿੱਛੇ ਪੰਜ ਸਾਲ ਦਾ ਲੜਕਾ ਪਰਦੀਪ ਸਿੰਘ ਅਤੇ 13 ਮਹੀਨਿਆਂ ਦੀ ਲੜਕੀ ਏਕਮ ਕੌਰ ਛੱਡ ਗਿਆ ਹੈ। ਕੁਲਦੀਪ ਸਿੰਘ ਜੰਮੂ 4 ਸਿੱਖ (ਲਾਇਟ ਇਨਫੈਂਟਰੀ) ਦਾ ਜਵਾਨ ਸੀ। ਉਸ ਦੀ ਮੌਤ ਸੋਮਵਾਰ ਦੀ ਸਵੇਰ ਨੂੰ ਗੋਲੀ ਲੱਗਣ ਨਾਲ ਹੋਈ, ਜਿਸ ਦਾ ਪੋਸਟਮਾਰਟਮ ਉਥੇ ਹੀ ਕੀਤਾ ਗਿਆ ਸੀ। ਚਿਤਾ ਨੂੰ ਅਗਨੀ ਫੌਜੀ ਜਵਾਨ ਦੇ ਪਿਤਾ ਦਰਸ਼ਨ ਸਿੰਘ ਅਤੇ ਉਸ ਦੇ ਪੰਜ ਸਾਲ ਦੇ ਲੜਕੇ ਪ੍ਰਦੀਪ ਸਿੰਘ ਨੇ ਦਿਖਾਈ।