ਅਤਿਵਾਦੀ ਹਮਲੇ ’ਚ ਫੌਤ ਹੋਏ ਗੁਰਮੀਤ ਸਿੰਘ ਦਾ ਸਸਕਾਰ ਹੋਇਆ
ਦਲਬੀਰ ਸੱਖੋਵਾਲੀਆ
ਬਟਾਲਾ, 22 ਅਕਤੂਬਰ
ਕਸ਼ਮੀਰ ਘਾਟੀ ਵਿੱਚ ਐਤਵਾਰ ਸ਼ਾਮ ਨੂੰ ਅਤਿਵਾਦੀਆ ਦੇ ਹਮਲੇ ਦੌਰਾਨ ਫੌਤ ਹੋਏ ਪਿੰਡ ਸੱਖੋਵਾਲ ਦੇ ਗੁਰਮੀਤ ਸਿੰਘ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਦੀ ਦੇਹ ਅੱਜ ਤੜਕਸਾਰ ਪੀੜਤ ਪਰਿਵਾਰ ਸ੍ਰੀਨਗਰ ਤੋਂ ਲੈ ਕੇ ਪਿੰਡ ਪਹੁੰਚਿਆ। ਇਸ ਮੌਕੇ ਪੀੜਤ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪਹਿਲਾਂ ਹੀ ਆਰਥਿਕ ਥੁੜਾਂ ਦਾ ਸ਼ਿਕਾਰ ਪਰਿਵਾਰ ਦੀ ਮਾਲੀ ਸਹਾਇਤਾ ਕੀਤਾ ਜਾਵੇ। ਅੰਤਿਮ ਸਸਕਾਰ ਮੌਕੇ ਸ੍ਰੀਹਰਗੋਬਿੰਦਪੁਰ ਦੇ ਨਾਇਬ ਤਹਿਸੀਲਦਾਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇਚਾਰਜ ਰਾਜਨਬੀਰ ਸਿੰਘ ਘੁਮਾਣ ਸਮੇਤ ਹੋਰ ਹਾਜ਼ਰ ਸਨ। ਜਦੋਂ ਕਿ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਬਾਅਦ ਵਿੱਚ ਪਿੰਡ ਪੁੱਜੇ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੱਜ ਪਿੰਡ ਸੱਖੋਵਾਲ ਦੀ ਜੂਹ ਵਿੱਚ ਗੁਰਮੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ, ਪੀੜਤ ਬਾਪ ਧਰਮ ਸਿੰਘ, ਮਾਂ ਬਲਜਿੰਦਰ ਕੌਰ ਨਾਲ ਦੁੱਖ ਸਾਝਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਸਮਾਜ ਸੇਵੀ ਅਤੇ ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਮੁੱਖ ਬੁਲਾਰੇ ਸੂਬਾ ਸਿੰਘ ਖਹਿਰਾ, ਸਰਪੰਚ ਸਤਨਾਮ ਸਿੰਘ ਸੱਖੋਵਾਲ ਸਮੇਤ ਹੋਰਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਦੋਂ ਕਿ ਬਟਾਲਾ ਦੇ ਐੱਸਡੀਐੱਮ ਵਿਕਰਮ ਸਿੰਘ ਸੋਮਵਾਰ ਨੂੰ ਪੀੜਤ ਪਰਿਵਾਰ ਦੇ ਘਰ ਪੁੱਜੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।