ਸ਼ੰਭੂ ਬਾਰਡਰ ਮੋਰਚੇ ’ਤੇ ਫੌਤ ਹੋਏ ਕਿਸਾਨ ਦਾ ਸਸਕਾਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 1 ਫਰਵਰੀ
ਸ਼ੰਭੂ ਬਾਰਡਰ ਮੋਰਚੇ ’ਤੇ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਫੌਤ ਹੋਏ ਕਿਸਾਨ ਪ੍ਰਗਟ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਕੱਕੜ ਵਿਖੇ ਕੀਤਾ ਗਿਆ। ਇਸ ਮੌਕੇ ਨਾਅਰੇ ਮਾਰਦੇ ਹੋਏ ਵੱਡੀ ਗਿਣਤੀ ਕਿਸਾਨ ਉਸਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ। ਇਸ ਮੌਕੇ ਕਿਸਾਨ ਜਥੇਬੰਦੀ ਦੀ ਰਵਾਇਤ ਅਨੁਸਾਰ ਉਸ ਦੀ ਦੇਹ ’ਤੇ ਜਥੇਬੰਦੀ ਦਾ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸ਼ਹੀਦ ਕਿਸਾਨ ਨੂੰ ਸ਼ੰਭੂ ਬਾਰਡਰ ਮੋਰਚੇ ਦੀ ਸਟੇਜ ਤੋਂ ਵੀ ਮੌਜੂਦ ਸੈਂਕੜੇ ਕਿਸਾਨਾਂ ਵੱਲੋਂ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਕੇ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਜਥੇਬੰਦੀ ਦਾ ਸਾਰਾ ਪਰਿਵਾਰ ਸ਼ਹੀਦ ਪ੍ਰਗਟ ਸਿੰਘ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਆਉਂਦੇ ਸਮੇਂ ਵਿੱਚ ਹਮੇਸ਼ਾ ਰਹੇਗਾ। ਇਸ ਮੌਕੇ ਸੁਖਵਿੰਦਰ ਸਿੰਘ ਕੋਲੋਵਾਲ, ਕੁਲਵੰਤ ਸਿੰਘ ਰਾਜਾਤਾਲ, ਸਕਤਰ ਸਿੰਘ ਕੋਟਲਾ, ਮੰਗਜੀਤ ਸਿੰਘ ਸਿੱਧਵਾਂ, ਲਖਵਿੰਦਰ ਸਿੰਘ ਡਾਲਾ ਤੇ ਹੋਰ ਹਾਜ਼ਰ ਸਨ।