ਭਾਰਤ ਦੇ ਸੱਭਿਆਚਾਰ ਬਾਰੇ ਦੁਨੀਆ ਨੂੰ ਜਾਣੂ ਕਰਵਾਉਣ ਰਚਨਾਕਾਰ: ਮੋਦੀ
ਨਵੀਂ ਦਿੱਲੀ, 8 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਕਨਾਲੋਜੀ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਦੀ ਰਚਨਾ ਕਰਨ ਵਾਲਿਆਂ (ਕੰਟੈਂਟ ਕ੍ਰਿਏਟਰਜ਼) ਨੂੰ ‘ਕ੍ਰਿਏਟ ਆਨ ਇੰਡੀਆ ਮੂਵਮੈਂਟ’ ਸ਼ੁਰੂ ਕਰਨ ਅਤੇ ਭਾਰਤ ਦੇ ਸੱਭਿਆਚਾਰ, ਵਿਰਾਸਤ ਅਤੇ ਰਵਾਇਤਾਂ ਬਾਰੇ ਦੁਨੀਆ ਨਾਲ ਕਹਾਣੀਆਂ ਸਾਂਝੀਆਂ ਕਰਨ ਦੀ ਅਪੀਲ ਕੀਤੀ। ਮੋਦੀ ਨੇ ਇੱਥੇ ਭਾਰਤ ਮੰਡਪਮ ਵਿੱਚ ਪਹਿਲੇ ਕੌਮੀ ਰਚਨਾਕਾਰ ਪੁਰਸਕਾਰ (ਨੈਸ਼ਨਲ ਕ੍ਰੀਏਟਰਜ਼ ਐਵਾਰਡ) ਪ੍ਰਦਾਨ ਕਰਨ ਤੋਂ ਬਾਅਦ ਕਿਹਾ, ‘‘ਆਓ ਅਸੀਂ ਭਾਰਤ ਬਾਰੇ ਰਚਨਾ ਕਰੀਏ, ਦੁਨੀਆ ਲਈ ਰਚਨਾ ਕਰੀਏ।’’ ਇਸ ਦੌਰਾਨ ‘ਗਰੀਨ ਚੈਂਪੀਅਨ’ ਕੈਟਾਗਰੀ ਵਿੱਚ ਕੀਰਤਿਕਾ ਗੋਵਿੰਦਾਸਾਮੀ ਨੂੰ ‘ਬੈਸਟ ਸਟੋਰੀਟੈਲਰ’, ਗਾਇਕਾ ਮੈਥਿਲੀ ਠਾਕੁਰ ਨੂੰ ‘ਸਾਲ ਦਾ ਸਭਿਆਚਾਰਕ ਅੰਬੈਸਡਰ’ ਪੁਰਸਕਾਰ ਮਿਲਿਆ। ਟੈਕ ਸ਼੍ਰੇਣੀ ਵਿੱਚ ਗੌਰਵ ਚੌਧਰੀ ਅਤੇ ਸਰਬੋਤਮ ਯਾਤਰਾ ਰਚਨਾਕਾਰ ਪੁਰਸਕਾਰ ਕਾਮਿਆ ਜਾਨੀ ਨੂੰ ਦਿੱਤਾ ਗਿਆ। ਮੋਦੀ ਨੇ ਕਿਹਾ, ‘‘ਈਸ਼ਵਰ ਦੀ ਕ੍ਰਿਪਾ ਹੈ ਮੈਂ ਸਮੇਂ ਨੂੰ ਪਹਿਲਾਂ ਹੀ ਭਾਂਪ ਸਕਦਾ ਹਾਂ। ਇਸ ਵਾਸਤੇ ਮੈਂ ਕਹਿ ਸਕਦਾ ਹਾਂ ਕਿ ਭਵਿੱਖ ਵਿੱਚ ਇਨ੍ਹਾਂ ਪੁਰਸਕਾਰਾਂ ਦਾ ਅਹਿਮ ਸਥਾਨ ਹੋਵੇਗਾ।’’ ਉਨ੍ਹਾਂ ਕੰਟੈਂਟ ਕ੍ਰੀਏਟਰਜ਼ ਨੂੰ ਦੇਸ਼ ਦੇ ਡਿਜੀਟਲ ਅੰਬੈਸਡਰ ਦੇ ਰੂਪ ਵਿੱਚ ਸਨਮਾਨਿਤ ਕੀਤਾ ਅਤੇ ਕਿਹਾ ਕਿ ਉਹ ‘ਵੋਕਲ ਫਾਰ ਲੋਕਲ’ ਦੇ ਬਰਾਂਡ ਅੰਬੈਸਡਰ ਵੀ ਹਨ। ਉਨ੍ਹਾਂ ਕਿਹਾ, ‘‘ਆਓ, ਅਸੀਂ ਸਾਰੇ ਮਿਲ ਕੇ ‘ਕ੍ਰੀਏਟ ਆਨ ਇੰਡੀਆ ਮੂਵਮੈਂਟ’ ਦੀ ਸ਼ੁਰੂਆਤ ਕਰੀਏ। ਆਓ, ਅਸੀਂ ਭਾਰਤ ਨਾਲ, ਭਾਰਤ ਦੇ ਸਭਿਆਚਾਰ, ਭਾਰਤ ਦੀ ਵਿਰਾਸਤ ਅਤੇ ਰਵਾਇਤਾਂ ਨਾਲ ਜੁੜੀਆਂ ਕਹਾਣੀਆਂ ਪੂਰੀ ਦੁਨੀਆ ਨਾਲ ਸਾਂਝੀਆਂ ਕਰੀਏ।’’ ਮੋਦੀ ਨੇ ਕੰਟੈਂਟ ਕ੍ਰੀਏਟਰਜ਼ ਨੂੰ ਸੰਯੁਕਤ ਰਾਸ਼ਟਰ ਦੀਆਂ ਭਾਸ਼ਾਵਾਂ ਜਿਵੇਂ ਕਿ ਜਰਮਨ, ਫਰੈਂਚ, ਸਪੇਨਿਸ਼ ਆਦਿ ਵਿੱਚ ਆਪਣੀ ਪਹੁੰਚ ਵਧਾਉਣ ਲਈ ਕੰਮ ਵਿਕਸਤ ਕਰਨ ਦੀ ਅਪੀਲ ਕੀਤੀ। ਇਸ ਪੁਰਸਕਾਰ ਲਈ ਤਿੰਨ ਕੌਮਾਂਤਰੀ ਰਚਨਾਕਾਰਾਂ ਸਣੇ 23 ਜਣਿਆਂ ਨੂੰ ਚੁਣਿਆ ਗਿਆ ਸੀ।
ਅੱਜ ਸਨਮਾਨ ਸਮਾਰੋਹ ਦੌਰਾਨ ਰਣਵੀਰ ਇਲਾਹਾਬਾਦੀਆ, ਜਯਾ ਕਿਸ਼ੋਰੀ, ਤਨਜ਼ਾਨੀਆ ਦੇ ਕਿਰੀ ਪੌਲ, ਸੰਯੁਕਤ ਰਾਜ ਅਮਰੀਕਾ ਦੇ ਡਰਿਊ ਹਿਕਸ ਅਤੇ ਜਰਮਨੀ ਦੇ ਕੈਸੇਂਡਰਾ ਤੋਂ ਇਲਾਵਾ ਜਾਹਨਵੀ ਸਿੰਘ, ਆਰਜੇ ਰੌਨਕ, ਨਮਨ ਦੇਸ਼ਮੁਖ, ਅੰਕਿਤ ਬੈਯਨਪੁਰੀਆ, ਨਿਸ਼ਚੈ, ਅਰਿੰਦਮਨ, ਪਿਊਸ਼ ਪੁਰੋਹਿਤ ਅਤੇ ਅਮਨ ਗੁਪਤਾ ਦਾ ਸਨਮਾਨ ਕੀਤਾ ਗਿਆ। ਸਾਰਿਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਪ੍ਰਦਾਨ ਕੀਤੇ ਗਏ। -ਪੀਟੀਆਈ
ਦੋ ਦਿਨਾਂ ਦੌਰੇ ’ਤੇ ਅਸਾਮ ਪਹੁੰਚੇ ਮੋਦੀ
ਤੇਜ਼ਪੁਰ/ਗੁਹਾਟੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ’ਤੇ ਅੱਜ ਅਸਾਮ ਪਹੁੰਚੇ। ਇਸ ਦੌਰਾਨ ਉਹ 18,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਮੋਦੀ ਇਕ ਵਿਸ਼ੇਸ਼ ਉਡਾਣ ਰਾਹੀਂ ਤੇਜ਼ਪੁਰ ਹਵਾਈ ਅੱਡੇ ’ਤੇ ਪਹੁੰਚੇ, ਜਿੱਥੇ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਪਰੰਤ ਮੋਦੀ ਇਕ ਹੈਲੀਕਾਪਟਰ ਵਿੱਚ ਕਾਜ਼ੀਰੰਗਾ ਸਥਿਤ ਪਨਬਾਰੀ ਲਈ ਰਵਾਨਾ ਹੋ ਗਏ। ਉਹ ਕਾਜ਼ੀਰੰਗਾ ਨੈਸ਼ਨਲ ਪਾਰਕ ’ਚ ਪੈਂਦੀ ਸੈਂਟਰਲ ਕੋਹੋਰਾ ਰੇਂਜ ਨੇੜੇ ਸਥਿਤ ਪੁਲੀਸ ਗੈਸਟ ਹਾਊਸ ਵਿੱਚ ਰਾਤ ਬਿਤਾਉਣਗੇ ਅਤੇ ਸ਼ਨਿਚਰਵਾਰ ਨੂੰ ਤੜਕੇ ਜੰਗਲ ਸਫਾਰੀ ਦਾ ਮਜ਼ਾ ਲੈਣਗੇ। -ਪੀਟੀਆਈ