For the best experience, open
https://m.punjabitribuneonline.com
on your mobile browser.
Advertisement

ਤਣਾਅ-ਮੁਕਤ ਅਕਾਦਮਿਕ, ਖੋਜ ਅਤੇ ਪਸਾਰ ਦਾ ਮਾਹੌਲ ਸਿਰਜਣਾ ਮੁੱਖ ਤਰਜੀਹ: ਗਿੱਲ

06:50 AM Oct 24, 2024 IST
ਤਣਾਅ ਮੁਕਤ ਅਕਾਦਮਿਕ  ਖੋਜ ਅਤੇ ਪਸਾਰ ਦਾ ਮਾਹੌਲ ਸਿਰਜਣਾ ਮੁੱਖ ਤਰਜੀਹ  ਗਿੱਲ
’ਵਰਸਿਟੀ ਅਧਿਕਾਰੀਆਂ, ਵਿਭਾਗ ਮੁਖੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਵੀਸੀ ਡਾ. ਜਤਿੰਦਰ ਪਾਲ ਸਿੰਘ ਗਿੱਲ। - ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਅਕਤੂਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਬਤੌਰ ਉਪ-ਕੁਲਪਤੀ ਨਿਯੁਕਤੀ ਤੋਂ ਬਾਅਦ ਆਪਣੇ ਪਲੇਠੇ ਸੰਬੋਧਨ ਵਿੱਚ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਅਧਿਆਪਕਾਂ ਨੂੰ ਪੂਰਨ ਤਨਦੇਹੀ ਨਾਲ ਸੰਸਥਾ ਦੀ ਬਿਹਤਰੀ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਤਣਾਅ-ਮੁਕਤ ਕੰਮਕਾਜੀ ਮਾਹੌਲ ਸਥਾਪਤ ਕਰ ਕੇ ਹੀ ਅਸੀਂ ਬਿਹਤਰ ਨਤੀਜੇ ਲਿਆ ਸਕਦੇ ਹਾਂ। ਇਹ ਸੰਸਥਾ ਪਹਿਲਾ ਹੀ ਮੁਲਕ ਦੀ ਸਿਰਮੌਰ ਯੂਨੀਵਰਸਿਟੀ ਵਜੋਂ ਜਾਣੀ ਜਾਂਦੀ ਹੈ ਪਰ ਅਸੀਂ ਇਸ ਨੂੰ ‘ਉੱਤਮਤਾ ਦੇ ਕੇਂਦਰ’ ਵਜੋਂ ਸਥਾਪਤ ਕਰਨਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀ, ਵਿਭਾਗ ਮੁਖੀ ਅਤੇ ਸਮੂਹ ਅਧਿਆਪਕ ਮੌਜੂਦ ਸਨ। ਡਾ. ਗਿੱਲ ਨੇ ਕਿਹਾ ਕਿ ਪਸ਼ੂ ਪਾਲਣ ਨੂੰ ਸਮਰਪਿਤ ਇਸ ’ਵਰਸਿਟੀ ਨੂੰ ਅਸੀਂ ਹੋਰ ਸੰਭਾਵਨਾਵਾਂ ਤੇ ਸਹੂਲਤਾਂ ਭਰਪੂਰ ਬਣਾਵਾਂਗੇ। ਅਕਾਦਮਿਕ ਖੇਤਰ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਜਿੰਨੇ ਵਧੀਆ ਵਿਦਿਆਰਥੀ ਤਿਆਰ ਕਰਾਂਗੇ, ਉਹ ਉੱਨੇ ਹੀ ਵਧੀਆ ਪੇਸ਼ੇਵਰ ਬਣ ਕੇ ਸਮਾਜ ਦੀ ਸੇਵਾ ਕਰਨਗੇ।
ਉਨ੍ਹਾਂ ਕਿਹਾ ਕਿ ਖੋਜ ਕਾਰਜ ਕਰਦਿਆਂ ਕਿਸਾਨਾਂ ਦੀ ਸਮੱਸਿਆ ਅਤੇ ਉਨ੍ਹਾਂ ਦੀ ਭਲਾਈ ਸਾਡਾ ਕੇਂਦਰੀ ਬਿੰਦੂ ਹੋਣਾ ਚਾਹੀਦਾ ਹੈ। ਵੀਸੀ ਡਾ. ਗਿੱਲ ਨੇ ਕਿਹਾ ਕਿ ਪਸਾਰ ਗਤੀਵਿਧੀਆਂ ਰਾਹੀਂ ਅਸੀਂ ਕਿਸਾਨਾਂ ਨਾਲ ਬਹੁਤ ਨੇੜੇ ਦੀ ਸਾਂਝ ਬਣਾਈ ਹੋਈ ਹੈ, ਪਰ ਅਸੀਂ ਉਨ੍ਹਾਂ ਦੇ ਹੋਰ ਨੇੜੇ ਹੋਣ ਲਈ ਪ੍ਰਕਾਸ਼ਨਾਵਾਂ, ਸਿਖਲਾਈ ਅਤੇ ਮੀਡੀਆ ਰਾਹੀਂ ਹੋਰ ਮਜ਼ਬੂਤ ਰਾਬਤਾ ਬਣਾਉਣ ਲਈ ਯਤਨਸ਼ੀਲ ਰਹਾਂਗੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਚੰਗੀ ਭਾਵਨਾ ਨਾਲ ਕੰਮ ਕਰਨ ਵਾਲਿਆਂ ਦਾ ਪੂਰਨ ਸਾਥ ਦੇਣਗੇ। ਉਨ੍ਹਾਂ ਆਪਣੇ ਪੂਰਵਕਾਲੀ ਉਪ-ਕੁਲਪਤੀ ਸਾਹਿਬਾਨ ਦੇ ਯੋਗਦਾਨ ਨੂੰ ਵੀ ਯਾਦ ਕੀਤਾ।

Advertisement

Advertisement
Advertisement
Author Image

Advertisement