For the best experience, open
https://m.punjabitribuneonline.com
on your mobile browser.
Advertisement

ਕਰੇਨ ਨੇ ਮੋਟਰਸਾਈਕਲ ਨੂੂੰ ਟੱਕਰ ਮਾਰੀ; ਮਾਂ ਤੇ ਧੀ ਹਲਾਕ

09:00 AM Nov 05, 2024 IST
ਕਰੇਨ ਨੇ ਮੋਟਰਸਾਈਕਲ ਨੂੂੰ ਟੱਕਰ ਮਾਰੀ  ਮਾਂ ਤੇ ਧੀ ਹਲਾਕ
Advertisement

Advertisement

ਗਗਨਦੀਪ ਅਰੋੜਾ
ਲੁਧਿਆਣਾ, 4 ਨਵੰਬਰ
ਇੱਥੇ ਭਾਈ ਦੂਜ ਮਨਾਉਣ ਤੋਂ ਬਾਅਦ ਆਪਣੇ ਪਤੀ ਨਾਲ ਮੋਟਰਸਾਈਕਲ ’ਤੇ ਵਾਪਸ ਸੰਗਰੂਰ ਜਾ ਰਹੀਆਂ ਮਾਂ ਤੇ ਧੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਪਿੰਡ ਸਾਹਨੇਵਾਲ ਦੇ ਟਿੱਬਾ ਨਹਿਰ ਪੁਲ ਨੇੜੇ ਵਾਪਰਿਆ। ਇਸ ਦੌਰਾਨ ਤੇਜ਼ ਰਫ਼ਤਾਰ ਕਰੇਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਦੋਵੇਂ ਜਣੀਆਂ ਹੇਠ ਡਿੱਗ ਗਈਆਂ ਤੇ ਕਰੇਨ ਨੇ ਉਨ੍ਹਾਂ ਨੂੰ ਦਰੜ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਰੀਨਾ ਵਾਸੀ ਪਿੰਡ ਬੇਨੜਾ ਸੰਗਰੂਰ ਅਤੇ ਉਸ ਦੀ ਧੀ ਯਸ਼ਿਕਾ ਵਜੋਂ ਹੋਈ ਹੈ ਜਦਕਿ ਰੀਨਾ ਦੇ ਪਤੀ ਰਵਿੰਦਰ ਕੁਮਾਰ ਦਾ ਬਚਾਅ ਹੋ ਗਿਆ। ਪੁਲੀਸ ਨੇ ਕਰੇਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਪਤੀ ਰਵਿੰਦਰ ਕੁਮਾਰ ਵੱਲੋਂ ਥਾਣਾ ਡੇਹਲੋਂ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਹ ਆਪਣੀ ਪਤਨੀ ਰੀਨਾ ਅਤੇ ਇੱਕ ਸਾਲ ਦੀ ਧੀ ਯਸ਼ਿਕਾ ਨਾਲ ਸਹੁਰੇ ਘਰ ਆਇਆ ਹੋਇਆ ਸੀ। ਉਹ ਤਿੰਨੋਂ ਮੋਟਰਸਾਈਕਲ ’ਤੇ ਸੰਗਰੂਰ ਜਾ ਰਹੇ ਸੀ।
ਸਾਹਨੇਵਾਲ ਤੋਂ ਡੇਹਲੋਂ ਵੱਲ ਜਾਂਦੇ ਸਮੇਂ ਜਦੋਂ ਉਹ ਟਿੱਬਾ ਨਹਿਰ ਦੇ ਪੁਲ ਨੂੰ ਪਾਰ ਕਰਨ ਲੱਗਾ ਤਾਂ ਤੇਜ਼ ਰਫ਼ਤਾਰ ਕਰੇਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਰੀਨਾ ਤੇ ਯਸ਼ਿਕਾ ਹੇਠ ਡਿੱਗ ਗਈਆਂ। ਇਸ ਦੌਰਾਨ ਕਰੇਨ ਦਾ ਅਗਲਾ ਟਾਇਰ ਉਨ੍ਹਾਂ ਦੇ ਸਿਰ ਉੱਪਰ ਚੜ੍ਹ ਗਿਆ। ਯਸ਼ਿਕਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਰੀਨਾ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਡੇਹਲੋਂ ਦੀ ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ।

Advertisement

ਗਾਂ ਨੂੰ ਬਚਾਉਂਦਿਆਂ ਮੋਟਰਸਾਈਲ ਸਵਾਰ ਭਰਾਵਾਂ ਦੀ ਕਾਰ ਹੇਠ ਆਉਣ ਕਾਰਨ ਮੌਤ

ਅੰਬਾਲਾ (ਰਤਨ ਸਿੰਘ ਢਿੱਲੋਂ): ਸਾਹਾ-ਸ਼ਾਹਜ਼ਾਦਪੁਰ ਹਾਈਵੇਅ ’ਤੇ ਰਜਪੁਰਾ ਪਿੰਡ ਦੇ ਬੱਸ ਅੱਡੇ ਕੋਲ ਅਚਾਨਕ ਸੜਕ ’ਤੇ ਆਈ ਗਾਂ ਨੂੰ ਬਚਾਉਂਦਿਆਂ ਮੋਟਰਸਾਈਕਲ ਸਵਾਰ ਦੋ ਭਰਾਵਾਂ ਦੀ ਕਾਰ ਥੱਲੇ ਆਉਣ ਨਾਲ ਮੌਤ ਹੋ ਗਈ। ਹਾਦਸੇ ਵਿੱਚ ਮੋਟਰਸਾਈਕਲ ਚਲਾਕ ਦੀ ਪਤਨੀ ਜ਼ਖ਼ਮੀ ਹੋ ਗਈ। ਸੁਦੇਸ਼ ਸ਼ਰਮਾ ਪਤਨੀ ਜਗਦੀਸ਼ ਕੁਮਾਰ ਸ਼ਰਮਾ ਵਾਸੀ ਤੇਲੀ ਪੁਰਾ ਚੌਕ ਊਧਮਗੜ੍ਹ ਯਮੁਨਾਨਗਰ ਨੇ ਪੁਲੀਸ ਨੂੰ ਦੱਸਿਆ ਕਿ ਐਤਵਾਰ ਨੂੰ ਦੁਪਹਿਰੇ ਕਰੀਬ 12 ਵਜੇ ਉਹ ਭਾਈ ਦੂਜ ਦੇ ਸਿਲਸਿਲੇ ਵਿੱਚ ਆਪਣੇ ਪਤੀ ਜਗਦੀਸ਼ ਕੁਮਾਰ (48) ਅਤੇ ਜੇਠ ਮੁੰਨਾ ਲਾਲ (57) ਨਾਲ ਮੋਟਰਸਾਈਕਲ ’ਤੇ ਮੌਲੀ ਥਾਣਾ ਰਾਏਪੁਰ ਆਪਣੀ ਨਣਦ ਦੇ ਘਰ ਜਾ ਰਹੀ ਸੀ। ਮੋਟਰਸਾਈਕਲ ਉਸ ਦਾ ਪਤੀ ਜਗਦੀਸ਼ ਕੁਮਾਰ ਚਲਾ ਰਿਹਾ ਸੀ। ਜਦੋਂ ਉਹ ਰਜਪੁਰਾ ਦੇ ਬੱਸ ਅੱਡੇ ਕੋਲ ਪਹੁੰਚੇ ਤਾਂ ਮੋਟਰਸਾਈਕਲ ਅੱਗੇ ਅਚਾਨਕ ਗਾਂ ਆ ਗਈ। ਉਸ ਨੂੰ ਬਚਾਉਂਦਿਆਂ ਜਦੋਂ ਉਸ ਦੇ ਪਤੀ ਨੇ ਬਰੇਕ ਮਾਰੀ ਤਾਂ ਮੋਟਰਸਾਈਕਲ ਬੇਕਾਬੂ ਹੋਣ ਨਾਲ ਉਹ ਤਿੰਨੋਂ ਸੜਕ ’ਤੇ ਡਿੱਗ ਪਏ। ਇਸ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆਈ ਕਾਰ ਉਸ ਦੇ ਪਤੀ ਅਤੇ ਜੇਠ ’ਤੇ ਚੜ੍ਹ ਗਈ। ਜਗਦੀਸ਼ ਕੁਮਾਰ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਜੇਠ ਦੀ ਸਰਕਾਰੀ ਹਸਪਤਾਲ ਸ਼ਾਹਜ਼ਾਦਪੁਰ ਵਿੱਚ ਮੌਤ ਹੋ ਗਈ। ਪੁਲੀਸ ਨੇ ਹਿਮਾਚਲ ਪ੍ਰਦੇਸ਼ ਨੰਬਰ ਦੀ ਕਾਰ ਦੇ ਅਣਪਛਾਤੇ ਡਰਾਈਵਰ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement
Author Image

Advertisement