ਹਾਲਾਤ ਨਾਲ ਜੂਝ ਰਹੀ ਸ਼ਿਲਪ ਵਿਰਾਸਤ
ਸੁਖਦੇਵ ਸਿੰਘ
ਪੰਜਾਬ ਦਾ ਸ਼ਹਿਰ ਹੁਸ਼ਿਆਰਪੁਰ ਇੱਕ ਪਾਸੇ ਬਰਸਾਤੀ ਪਾਣੀ ਦੇ ਚੋਆਂ ਲਈ ਜਾਣਿਆ ਜਾਂਦਾ ਹੈ ਅਤੇ ਦੂਜੇ ਪਾਸੇ ਲੱਕੜ ਦੀਆਂ ਵਸਤਾਂ ’ਤੇ ਕੀਤੀ ਜਾਂਦੀ ਸ਼ਿਲਪਕਾਰੀ ਲਈ। ਹੁਸ਼ਿਆਰਪੁਰ ਵਿੱਚ ਲੱਕੜ ਉੱਤੇ ਭਰਾਈ ਕਰਨ ਦਾ ਕੰਮ 200 ਸਾਲਾਂ ਤੋਂ ਵੱਧ ਸਮੇਂ ਤੋਂ ਕੀਤਾ ਜਾ ਰਿਹਾ ਹੈ। 1849 ਵਿੱਚ ਪੰਜਾਬ ਨੂੰ ਬਰਤਾਨਵੀ ਰਾਜ ਵਿੱਚ ਸ਼ਾਮਲ ਕਰ ਲਏ ਜਾਣ ਬਾਅਦ ਬਰਤਾਨਵੀ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਹੁਸ਼ਿਆਰਪੁਰ ਜ਼ਿਲ੍ਹਾ ਗੈਜ਼ੇਟੀਅਰ ਮੁਤਾਬਿਕ ਹੁਨਰਮੰਦ ਕਾਮਿਆਂ ਦੇ ਰੁਜ਼ਗਾਰ ਲਈ, ਇਸ ਜ਼ਿਲ੍ਹੇ ਵਿੱਚ ਲੱਕੜੀ ਵਿੱਚ ਡਿਜ਼ਾਈਨ ਅਨੁਸਾਰ ਹਾਥੀ ਦੰਦ ਅਤੇ ਪਿੱਤਲ ਦੀ ਭਰਾਈ ਕਰਨ ਦੇ ਕੰਮ ਨੂੰ ਇੱਕ ਉੱਤਮ ਮਹੱਤਤਾ ਵਾਲਾ ਉਦਯੋਗ ਮੰਨਿਆ ਗਿਆ ਹੈ।
ਆਜ਼ਾਦੀ ਸਮੇਂ ਦੇਸ਼ ਦੀ ਵੰਡ ਕਾਰਨ ਕਾਰੀਗਰਾਂ ਦੇ ਉਜਾੜੇ ਅਤੇ ਉਦਯੋਗੀਕਰਨ ਤੋਂ ਬਾਅਦ ਦਸਤਕਾਰੀ ਸ਼ਿਲਪਕਾਰੀ ਉੱਤੇ ਨਕਾਰਾਤਮਕ ਪ੍ਰਭਾਵ ਦੇ ਬਾਵਜੂਦ ਕਾਰੀਗਰਾਂ ਨੇ ਆਪਣੇ ਸਮਰਪਣ ਅਤੇ ਸਖ਼ਤ ਮਿਹਨਤ ਨਾਲ ਇਸ ਪਰੰਪਰਾ ਨੂੰ ਜ਼ਿੰਦਾ ਅਤੇ ਇਸ ਦਾ ਉੱਚਾ ਮਿਆਰ ਬਰਕਰਾਰ ਰੱਖਿਆ ਹੈ। ਉੱਚ ਕਲਾਤਮਿਕ ਮੁੱਲ ਲਈ ਜਾਣੀ ਜਾਂਦੀ ਹੁਸ਼ਿਆਰਪੁਰ ਦੀ ਲੱਕੜ-ਭਰਾਈ ਸ਼ਿਲਪਕਾਰੀ ਨੇ ਰਾਸ਼ਟਰਪਤੀ ਭਵਨ ਵਿੱਚ ਵੀ ਜਗ੍ਹਾ ਬਣਾਈ ਹੈ।
ਰੂਪਨ ਮਠਾਰੂ ਨਾਂ ਦੇ ਕਾਰੀਗਰ ਨੇ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ। ਉਸ ਨੂੰ ਮਾਣ ਹੈ ਕਿ ਉਸ ਨੇ ਆਪਣੇ ਪੁੱਤਰ ਨੂੰ ਇਸ ਕਿੱਤੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ। ਉਹ ਖ਼ੁਸ਼ ਹੈ ਕਿ ਉਸ ਦਾ ਪੁੱਤਰ ਕਮਲਜੀਤ ਉਸ ਨਾਲ ਜੁੜ ਗਿਆ ਅਤੇ ਵਧੀਆ ਸ਼ਿਲਪਕਾਰ ਬਣ ਗਿਆ ਹੈ। ਫਿਰ ਵੀ ਉਸ ਨੂੰ ਅਫ਼ਸੋਸ ਹੈ ਕਿ ਜ਼ਿਆਦਾਤਰ ਕਾਰੀਗਰਾਂ ਦੇ ਬੱਚੇ ਇਸ ਕਿੱਤੇ ਤੋਂ ਮੂੰਹ ਮੋੜ ਰਹੇ ਹਨ ਅਤੇ ਹੋਰ ਨੌਜਵਾਨ ਵੀ ਇਸ ਨੂੰ ਅਪਣਾ ਨਹੀਂ ਰਹੇ ਕਿਉਂਕਿ ਇਸ ਨਾਲ ਨਾ ਤਾਂ ਉਨ੍ਹਾਂ ਨੂੰ ਸਮਾਜਿਕ ਸਨਮਾਨ ਮਿਲਦਾ ਹੈ ਅਤੇ ਨਾ ਹੀ ਚੰਗੇ ਗੁਜ਼ਾਰੇ ਲਾਇਕ ਮਿਹਨਤਾਨਾ। ਉਹ ਕਹਿੰਦਾ ਹੈ: ‘‘ਇਸ ਦੀ ਵਿਰਾਸਤੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੂੰ ਇਸ ਸ਼ਿਲਪ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕਾਰੀਗਰਾਂ ਨੂੰ ਬੁਢਾਪੇ ਵਿੱਚ ਗੁਜ਼ਾਰੇ ਲਈ ਭੱਤਾ ਦੇਣ ਤੋਂ ਇਲਾਵਾ, ਹੁਸ਼ਿਆਰਪੁਰ ਦੇ ਕਾਰੀਗਰਾਂ ਦੀਆਂ ਬਣਾਈਆਂ ਕਲਾਕ੍ਰਿਤਾਂ ਨੂੰ ਵਾਜਬ ਮੁੱਲ ’ਤੇ ਵੇਚ ਕੇ ਕਾਰੀਗਰਾਂ ਨੂੰ ਉਨ੍ਹਾਂ ਦੀ ਮਿਹਨਤ ਮੁਤਾਬਿਕ ਮਿਹਨਤਾਨਾ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।’’
ਆਪਣੀ ਪਛਾਣ ਗੁਪਤ ਰੱਖਦਿਆਂ ਇੱਕ ਹੋਰ ਕਾਰੀਗਰ ਦਾ ਕਹਿਣਾ ਹੈ ਕਿ ਸਰਕਾਰਾਂ ਹੁਨਰ ਵਿਕਾਸ ਨੂੰ ਲੈ ਕੇ ਰੌਲਾ ਪਾਉਂਦੀਆਂ ਰਹਿੰਦੀਆਂ ਹਨ, ਪਰ ਸਾਡੇ ਹੁਨਰ ਦੀ ਕੋਈ ਪਰਵਾਹ ਨਹੀਂ ਕਰਦਾ। “ਅਸੀਂ ਕੁਸ਼ਲ ਕਾਰੀਗਰ ਹਾਂ ਪਰ ਆਪਣੇ ਲਈ ਲੋੜੀਂਦੀ ਕਮਾਈ ਕਰਨ ਦੇ ਯੋਗ ਨਹੀਂ ਹਾਂ,” ਉਹ ਗਿਲਾ ਕਰਦਾ ਹੈ।
ਪਹਿਲਾਂ, ਖ਼ਾਸ ਤੌਰ ’ਤੇ ਮੁਗ਼ਲ ਪਰੰਪਰਾ ’ਚ ਲੱਕੜੀ ਵਿੱਚ ਸਜਾਵਟੀ ਭਰਾਈ ਦਾ ਕੰਮ ਜ਼ਿਆਦਾਤਰ ਘਰਾਂ ਦੇ ਥੰਮ੍ਹਾਂ, ਦਰਵਾਜ਼ਿਆਂ ਅਤੇ ਚੁਗਾਠਾਂ ਉੱਤੇ ਹੀ ਕੀਤਾ ਜਾਂਦਾ ਸੀ। ਹੁਸ਼ਿਆਰਪੁਰ ਜ਼ਿਲ੍ਹਾ ਗੈਜ਼ੇਟੀਅਰ ਮੁਤਾਬਿਕ ਟਾਹਲੀ ਦੀ ਲੱਕੜੀ ਦੇ ਕਲਮਦਾਨ, ਚੋਬ, ਖੂੰਡੇ, ਸ਼ੀਸ਼ੇਦਾਨ ਅਤੇ ਚੌਂਕੀਆਂ ਉੱਤੇ ਹਾਥੀ ਦੰਦ ਜਾਂ ਪਿੱਤਲ ਦੀ ਤਾਰ ਨਾਲ ਭਰਾਈ ਦਾ ਕੰਮ ਪਹਿਲਾਂ ਤੋਂ ਕੀਤਾ ਜਾਂਦਾ ਸੀ; ਹੋ ਸਕਦਾ ਹੈ ਇਹ ਅਰਬੀ ਪ੍ਰਭਾਵ ਹੋਵੇ। ਬਰਤਾਨਵੀ ਰਾਜ ਦੌਰਾਨ ਅੰਗਰੇਜ਼ਾਂ ਨੇ ਇਸ ਸ਼ਿਲਪ ਕਲਾ ਦੀ ਵਰਤੋਂ ਵੱਖ-ਵੱਖ ਆਕਾਰਾਂ ਦੇ ਮੇਜ਼ਾਂ ਅਤੇ ਅਲਮਾਰੀਆਂ ਉੱਤੇ ਸਜਾਵਟੀ ਡਿਜ਼ਾਈਨ ਬਣਾਉਣ ਲਈ ਸ਼ੁਰੂ ਕੀਤੀ। ਹੁਸ਼ਿਆਰਪੁਰ ਦੇ ਕਾਰੀਗਰ ਇਸ ਸ਼ਿਲਪ ਵਿੱਚ ਮਾਹਿਰ ਸਨ ਅਤੇ ਉਨ੍ਹਾਂ ਦੀਆਂ ਤਿਆਰ ਕੀਤੀਆਂ ਵਸਤਾਂ ਲੰਡਨ ਬਰਾਮਦ ਕੀਤੀਆਂ ਜਾਂਦੀਆਂ ਸਨ।
ਹੁਸ਼ਿਆਰਪੁਰ ਦੇ ਕਾਰੀਗਰ ਇਸ ਸ਼ਿਲਪ ਲਈ ਟਾਹਲੀ ਦੀ ਲੱਕੜੀ ਨੂੰ ਆਧਾਰ ਵਜੋਂ ਅਤੇ ਹਾਥੀ ਦੰਦ ਜਾਂ ਊਠ ਦੀ ਹੱਡੀ ਦੇ ਬਾਰੀਕ ਟੁਕੜੇ ਭਰਾਈ ਲਈ ਵਰਤਦੇ ਸਨ। ਭਰਾਈ ਲਈ ਕਈ ਵਾਰ ਉਹ ਪਿੱਤਲ ਦੀ ਵਰਤੋਂ ਵੀ ਕਰਦੇ ਸਨ। ਹਾਥੀ ਦੰਦ ਨਾਲ ਭਰਾਈ ਦੇ ਕੰਮ ਲਈ ਆਮ ਤੌਰ ’ਤੇ ਹਾਥੀ ਦੰਦ ਦੀ ਕੰਘੀ ਅਤੇ ਚੂੜੀਆਂ ਬਣਾਉਣ ਵਾਲਿਆਂ ਦੇ ਕੰਮ ਤੋਂ ਬਚੀ ਰਹਿੰਦ-ਖੂੰਹਦ ਹੀ ਵਰਤੀ ਜਾਂਦੀ ਸੀ। ਭਾਰਤ ਵਿੱਚ 1989 ਵਿੱਚ ਹਾਥੀ ਦੰਦ ’ਤੇ ਪਾਬੰਦੀ ਲੱਗਣ ਤੋਂ ਬਾਅਦ ਇਸ ਕੰਮ ਲਈ ਐਕਰੀਲਿਕ, ਪਲਾਸਟਿਕ ਜਾਂ ਪਿੱਤਲ ਦੀ ਵਰਤੋਂ ਕੀਤੀ ਜਾਂਦੀ ਹੈ।
ਭਰਾਈ ਜਾਂ ਇਨਲੇ ਪ੍ਰਕਿਰਿਆ
ਲੱਕੜ ਭਰਾਈ ਸ਼ਿਲਪਕਾਰੀ ਦੀਆਂ ਜੜ੍ਹਾਂ ਲੱਕੜ ਦੀਆਂ ਅਲਮਾਰੀਆਂ, ਫਰਨੀਚਰ ਅਤੇ ਇਮਾਰਤਾਂ ਦੇ ਥੰਮ੍ਹਾਂ ਤੇ ਦਰਵਾਜ਼ਿਆਂ ਉੱਤੇ ਫਲੋਰੈਂਟਾਈਨ ਜਾਂ ਚਿੱਤਰਕਲਾ ਵਿੱਚ ਲੱਭੀਆਂ ਜਾ ਸਕਦੀਆਂ ਹਨ ਜਿਸ ਨੂੰ ਪੀਟਰਾ-ਦੁਰਾ ਜਾਂ ਪੀਟਰ-ਡੂਰ ਵੀ ਕਿਹਾ ਜਾਂਦਾ ਹੈ।
ਭਰਾਈ ਜਾਂ ਇਨਲੇ ਦੇ ਕੰਮ ਲਈ ਪਹਿਲਾਂ ਆਧਾਰ ਸਮੱਗਰੀ (ਲੱਕੜ) ਨੂੰ ਕਿਸੇ ਸਜਾਵਟੀ ਜਾਂ ਵਰਤੋਂ ਵਾਲੀ ਵਸਤੂ ਦੀ ਸ਼ਕਲ ਵਿੱਚ ਤਿਆਰ ਕਰਨਾ ਪੈਂਦਾ ਹੈ ਅਤੇ ਫਿਰ ਅਲੱਗ ਤੋਂ ਕਲਾਤਮਕ ਡਿਜ਼ਾਈਨ ਨਾਲ ਤਿਆਰ ਕੀਤੇ ਸਟੈਨਸਿਲ ਦੀ ਮਦਦ ਨਾਲ ਸਿਆਹੀ ਦੀ ਵਰਤੋਂ ਕਰ ਕੇ ਡਿਜ਼ਾਈਨ ਨੂੰ ਉਸ ਵਸਤੂ (ਲੱਕੜ) ਦੇ ਜ਼ਿਆਦਾ ਪ੍ਰਤੱਖ ਚੋਣਵੇਂ ਹਿੱਸੇ ਉੱਤੇ ਛਾਪਿਆ ਜਾਂਦਾ ਹੈ। ਇਹ ਪੈਟਰਨ ਪੱਤੇ ਜਾਂ ਫੁੱਲਦਾਰ ਵੇਲਾਂ, ਜਿਓਮੈਟ੍ਰਿਕਲ ਡਿਜ਼ਾਈਨ ਜਾਂ ਹੋਰ ਰਵਾਇਤੀ ਨਮੂਨੇ ਹੋ ਸਕਦੇ ਹਨ।
ਡਿਜ਼ਾਈਨ ਛਾਪਣ ਤੋਂ ਬਾਅਦ ਲੱਕੜ ਦੂਜੇ ਪੜਾਅ ਲਈ ਤਿਆਰ ਹੁੰਦੀ ਹੈ ਜਿਸ ਨੂੰ ਐਚਿੰਗ (ਖੁਣਨਾ) ਕਿਹਾ ਜਾਂਦਾ ਹੈ ਜੋ ਕਿ ਤਿੱਖੇ ਚਾਕੂ ਅਤੇ ਛੈਣੀ ਦੀ ਮਦਦ ਨਾਲ ਕੀਤਾ ਜਾਂਦਾ ਹੈ। ਛਾਪੇ ਹੋਏ ਡਿਜ਼ਾਈਨ ਜਾਂ ਆਕਾਰ ਵਾਲੀ ਥਾਂ ਨੂੰ ਦੋ ਤੋਂ ਤਿੰਨ ਮਿਲੀਮੀਟਰ ਖੋਖਲਾ ਕੀਤਾ ਜਾਂਦਾ ਹੈ। ਫਿਰ ਤਿੱਖੇ ਚਾਕੂ ਨਾਲ ਐਕਰੀਲਿਕ ਸ਼ੀਟ ਉੱਤੇ ਟਰੇਸ ਕੀਤੇ ਪੈਟਰਨ/ ਡਿਜ਼ਾਈਨ ਅਨੁਸਾਰ ਐਕਰੀਲਿਕ ਸ਼ੀਟ ਨੂੰ ਕੱਟਿਆ ਜਾਂਦਾ ਹੈ ਅਤੇ ਐਕਰੀਲਿਕ ਦੇ ਟੁਕੜਿਆਂ ਨੂੰ ਇੱਕ ਇੱਕ ਕਰ ਕੇ ਲੱਕੜ ਉੱਤੇ ਖੋਖਲੀਆਂ ਥਾਵਾਂ ਨੂੰ ਆਕਾਰ, ਡਿਜ਼ਾਈਨ ਜਾਂ ਪੈਟਰਨ ਅਨੁਸਾਰ ਸੈੱਟ ਕੀਤਾ ਜਾਂਦਾ ਹੈ ਅਤੇ ਹਰੇਕ ਟੁਕੜੇ ਨੂੰ ਧਿਆਨ ਨਾਲ ਲੱਕੜ ਵਿੱਚ ਚਿਪਕਾ ਦਿੱਤਾ ਜਾਂਦਾ ਹੈ।
ਫਿਰ ਐਕਰੀਲਿਕ ਦੇ ਇਨ੍ਹਾਂ ਚਿਪਕਾਏ ਗਏ ਟੁਕੜਿਆਂ ਨੂੰ ਸੈਂਡ ਪੇਪਰ/ ਰੇਗਮਾਰ ਨਾਲ ਸਮਤਲ ਕੀਤਾ ਜਾਂਦਾ ਹੈ ਅਤੇ ਲਾਖ ਨਾਲ ਪਾਲਿਸ਼ ਕੀਤਾ ਜਾਂਦਾ ਹੈ। ਆਮ ਤੌਰ ’ਤੇ ਟੁਕੜੇ ਨੂੰ ਲਾਖ ਦੀਆਂ ਦੋ ਜਾਂ ਤਿੰਨ ਪਰਤਾਂ ਨਾਲ ਢਕਿਆ ਜਾਂਦਾ ਹੈ ਅਤੇ ਗਾਹਕ ਦੀ ਲੋੜ ਅਨੁਸਾਰ ਮੈਟ ਜਾਂ ਗਲੇਜ਼ਡ ਫਨਿਿਸ਼ ਦਿੱਤੀ ਜਾਂਦੀ ਹੈ ਜੋ ਫਨਿਿਸ਼ਿੰਗ ਦਾ ਅੰਤਿਮ ਪੜਾਅ ਹੁੰਦਾ ਹੈ।
ਹੁਸ਼ਿਆਰਪੁਰ ਵਿੱਚ ਆਧਾਰ ਸਮੱਗਰੀ ਵਜੋਂ ਟਾਹਲੀ ਦੀ ਲੱਕੜੀ ਅਤੇ ਇਸ ਉੱਤੇ ਸਜਾਵਟੀ ਪੱਤਿਆਂ ਲਈ ਵਰਤੀ ਜਾਣ ਵਾਲੀ ਭਰਾਈ ਸਮੱਗਰੀ ਅੱਜਕੱਲ੍ਹ ਐਕਰੀਲਿਕ ਹੈ। ਲੱਕੜ ਦੀ ਸਤਹਿ ਉੱਤੇ ਸਜਾਵਟੀ ਡਿਜ਼ਾਈਨ ਬਣਾਉਣ ਲਈ ਖੋਖਲੀਆਂ ਕੀਤੀਆਂ ਥਾਵਾਂ ਵਿੱਚ ਚਿੱਟੇ ਰੰਗ ਦੀ ਐਕਰੀਲਿਕ ਦੇ ਟੁਕੜਿਆਂ ਨੂੰ ਪਾਉਣ ਦੀ ਕਲਾ ਨੂੰ ਲੱਕੜ ਦੀ ਭਰਾਈ ਕਿਹਾ ਜਾਂਦਾ ਹੈ।
ਇਸ ਤਰ੍ਹਾਂ ਇਨਲੇ/ਭਰਾਈ ਕਲਾ ਦੇ ਕੰਮ ਵਿੱਚ ਇੱਕ ਤੋਂ ਵੱਧ ਸ਼ਿਲਪ ਕਲਾਵਾਂ ਸ਼ਾਮਲ ਹੁੰਦੀਆਂ ਹਨ: ਇੱਕ ਸ਼ਿਲਪ ਕਲਾ ਲੱਕੜ ਤੋਂ ਉਪਯੋਗਤਾ, ਕਲਾ ਜਾਂ ਸਜਾਵਟੀ ਵਸਤੂ ਤਿਆਰ ਕਰਨ ਦੀ ਅਤੇ ਦੂਜੀ ਇਸ ਉੱਤੇ ਡਿਜ਼ਾਈਨ ਨੱਕਾਸ਼ੀ ਕਰ ਕੇ ਖੋਖਲੀਆਂ ਥਾਵਾਂ ਨੂੰ ਕਿਸੇ ਹੋਰ ਸਮੱਗਰੀ ਨਾਲ ਭਰਨ ਦੀ ਹੁੰਦੀ ਹੈ। ਲੱਕੜ ਭਰਾਈ ਸ਼ਿਲਪ ਇੱਕ ਗੁੰਝਲਦਾਰ ਕੰਮ ਹੈ ਅਤੇ ਇਸ ਲਈ ਬਹੁ-ਮੁਹਾਰਤ ਦੀ ਲੋੜ ਹੁੰਦੀ ਹੈ।
ਕਲਾਤਮਕ ਚੀਜ਼ਾਂ ਅਤੇ ਵਸਤੂਆਂ
ਹੁਸ਼ਿਆਰਪੁਰ ਦੇ ਇਨਲੇ/ਭਰਾਈ ਸ਼ਿਲਪਕਾਰਾਂ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਵਸਤਾਂ ਨੂੰ ਤਿੰਨ ਪ੍ਰਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ: (ੳ) ਉਪਯੋਗੀ ਵਸਤਾਂ, (ਅ) ਸਜਾਵਟੀ ਵਸਤਾਂ ਅਤੇ (ੲ) ਸੰਗੀਤ ਯੰਤਰ।
ਉਪਯੋਗੀ ਵਸਤਾਂ ਵਿੱਚ ਉਹ ਸ਼ਾਮਲ ਹਨ ਜੋ ਰੋਜ਼ਾਨਾ ਜੀਵਨ ’ਚ ਵਰਤੋਂ ਦੇ ਉਦੇਸ਼ ਦੀ ਪੂਰਤੀ ਕਰਦੀਆਂ ਹਨ: ਜਵਿੇਂ ਮੰਜੇ, ਮੇਜ਼, ਕੁਰਸੀਆਂ, ਗਹਿਣਿਆਂ ਦੇ ਬਕਸੇ, ਫੋਟੋ ਫਰੇਮ, ਸ਼ਤਰੰਜ ਬੋਰਡ, ਸਰਵਿੰਗ ਟਰੇਅ, ਸ਼ੀਸ਼ੇ ਦੇ ਫਰੇਮ ਅਤੇ ਡਰੈਸਿੰਗ ਟੇਬਲ ਆਦਿ। ਸਜਾਵਟੀ ਵਸਤਾਂ ਉਹ ਹਨ ਜੋ ਘਰ ਵਿੱਚ ਸਜਾਵਟ ਅਤੇ ਸੱਭਿਆਚਾਰਕ ਕਲਾਕ੍ਰਿਤਾਂ ਵਜੋਂ ਪ੍ਰਦਰਸ਼ਿਤ ਕਰਨ ਲਈ ਰੱਖੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਕੁਝ, ਕਿਸੇ ਸਮੇਂ ਉਪਯੋਗੀ ਵਸਤੂਆਂ ਸਨ ਪਰ ਹੁਣ ਸੱਭਿਆਚਾਰਕ ਵਿਰਾਸਤ ਅਤੇ ਅਤੀਤ ਦੀ ਯਾਦ, ਜਵਿੇਂ ਚਰਖਾ, ਚਾਟੀ-ਮਧਾਣੀ ਆਦਿ, ਵਾਲੀਆਂ ਵਸਤਾਂ ਹਨ ਜਦੋਂਕਿ ਬਾਕੀ ਵਸਤੂਆਂ ਜਾਨਵਰ, ਪੰਛੀ ਅਤੇ ਮੰਦਰ ਆਦਿ ਹੁੰਦੀਆਂ ਹਨ। ਸੰਗੀਤ ਯੰਤਰਾਂ ਵਿੱਚ ਸਿਤਾਰ ਤੇ ਰਬਾਬ ਫਰੇਮ ਅਤੇ ਬਕਸੇ ਸ਼ਾਮਿਲ ਹਨ।
ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (INTACH) ਦੇ ਮੈਂਬਰ ਅਤੇ ਜਲੰਧਰ ਦੀ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਡੀਨ ਰਿਸਰਚ ਡਾ. ਵਿਜੇ ਧੀਰ ਦਾ ਮੰਨਣਾ ਹੈ ਕਿ ਹੁਨਰ ਤਰਾਸ਼ਣ ਲਈ ਵਿਦਿਆ ਨੂੰ ਵਿਹਾਰਕ ਕੰਮ ਨਾਲ ਜੋੜਨਾ ਜ਼ਰੂਰੀ ਹੈ ਅਤੇ ਸਮਾਜ ਨੂੰ ਹੱਥੀਂ ਤੇ ਦਿਮਾਗ਼ੀ ਕੰਮ ਕਰਨ ਵਾਲੇ ਕਾਰੀਗਰਾਂ, ਸ਼ਿਲਪੀਆਂ ਅਤੇ ਚਿੰਤਕਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਹੁਸ਼ਿਆਰਪੁਰ ਦੇ ਲੋਕਾਂ ਨੂੰ ਕੀਮਤੀ ਸ਼ਿਲਪਕਾਰੀ ਵਿਰਾਸਤ ਅਤੇ ਕਾਰੀਗਰਾਂ ਦੇ ਹੁਨਰ ’ਤੇ ਮਾਣ ਹੋਣਾ ਚਾਹੀਦਾ ਹੈ।
ਸਰਕਾਰਾਂ ਨੂੰ ਖਰੀਦੋ-ਫਰੋਖਤ ਦੀ ਅਜਿਹੀ ਪ੍ਰਣਾਲੀ ਬਣਾਉਣੀ ਚਾਹੀਦੀ ਹੈ ਜਿਸ ਨਾਲ ਕਾਰੀਗਰਾਂ ਦੀ ਚੰਗੀ ਆਮਦਨ ਅਤੇ ਖਪਤਕਾਰਾਂ ਨੂੰ ਵਾਜਬ ਕੀਮਤ ਉੱਤੇ ਮਿਆਰੀ ਵਸਤਾਂ ਦੀ ਸਪਲਾਈ ਯਕੀਨੀ ਹੋਵੇ।
* ਪ੍ਰੋਫੈਸਰ (ਰਿਟਾ.) ਗੁਰੂ ਨਾਨਕ ਦੇਵ ਯੂਨੀਵਰਸਿਟੀ; ਮੈਂਬਰ, ਗਵਰਨਿੰਗ ਕੌਂਸਲ, ਇਨਟੈਕ, ਅੰਮ੍ਰਿਤਸਰ।
ਸੰਪਰਕ: 94642-25655