ਸਾਲ ਪਹਿਲਾਂ ਬਣੇ ਮਾਲੇਰਕੋਟਲਾ ਮਾਈਨਰ ’ਚ ਤਰੇੜਾਂ ਆਉਣੀਆਂ ਸ਼ੁਰੂ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 4 ਅਕਤੂਬਰ
ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਬੌੜਹਾਈ ਖ਼ੁਰਦ ਤੋਂ ਪਿੰਡ ਤੱਖਰ ਤੱਕ ਮਾਲੇਰਕੋਟਲਾ ਮਾਈਨਰ (ਸਾਜਦਾ ਰਜਵਾਹਾ) ਦੀ ਬਣੀ ਸਾਈਡ ਕੰਕਰੀਟ ਲਾਈਨਿੰਗ ’ਚ ਇੱਕ ਸਾਲ ਅੰਦਰ ਹੀ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕਰੀਬ 44000 ਫੁੱਟ (12-13 ਕਿਲੋਮੀਟਰ) ਲੰਮੇ 20 ਮੋਘਿਆਂ ਵਾਲੇ ਕਰੀਬ 24 ਕਿਊਸਿਕ ਪਾਣੀ ਦੀ ਸਮਰੱਥਾ ਵਾਲੇ ਅਤੇ ਇਸ ਖੇਤਰ ਦੇ ਕਰੀਬ 8700 ਏਕੜ ਰਕਬੇ ਨੂੰ ਸਿੰਚਾਈ ਦੀ ਸਹੂਲਤ ਦੇਣ ਲਈ 1986 ’ਚ ਬਣੇ ਇਸ ਮਾਈਨਰ ਨੂੰ ਇਸ ਸਾਲ ਹੀ ਕੰਕਰੀਟ ਦੀ ਕੱਪ ਸੇਪ ਦੇ ਕੇ ਪਾਣੀ ਛੱਡਿਆ ਗਿਆ ਸੀ। ਇੱਕ ਸਾਲ ਅੰਦਰ ਹੀ ਇਸ ਮਾਈਨਰ ਦੀ ਸਾਈਡ ਕੰਕਰੀਟ ਲਾਈਨਿੰਗ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਇਸ ਦੀ ਮਿਆਦ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ। ਇਸ ਤੋਂ ਇਲਾਵਾ ਚਰਵਾਹੇ ਇਸ ਮਾਈਨਰ ਦੀ ਪੱਟੜੀ ’ਤੇ ਪਸ਼ੂ ਚਾਰ ਰਹੇ ਹਨ ਜਿਸ ਨਾਲ ਪਟੜੀ ਨੂੰ ਖੋਰਾ ਲੱਗ ਰਿਹਾ ਹੈ। ਲੋਕ ਪਲਾਸਟਿਕ ਦੀਆਂ ਪਾਈਪਾਂ ਲਾ ਕੇ ਮਾਈਨਰ ’ਚੋਂ ਪਾਣੀ ਦੀ ਵਰਤੋਂ ਕਰ ਰਹੇ ਹਨ ਜਿਸ ਨਾਲ ਮਾਈਨਰ ਦੀ ਟੇਲ ’ਤੇ ਪਾਣੀ ਦੀ ਮਾਤਰਾ ਘੱਟ ਪਹੁੰਚ ਰਹੀ ਹੈ।
ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਦੇ ਵਿੱਤ ਸਕੱਤਰ ਸੁਖਵਿੰਦਰ ਸਿੰਘ ਮੁਬਾਰਕਪੁਰ ਚੂੰਘਾਂ ਨੇ ਇਸ ਮਾਈਨਰ (ਰਜਵਾਹੇ) ਦੀ ਸਾਈਡ ਕੰਕਰੀਟ ਲਾਈਨਿੰਗ ਆਈਆਂ ਤਰੇੜਾਂ ਦਿਖਾਉਂਦਿਆਂ ਕਿਹਾ ਕਿ ਕਮੇਟੀ ਦੇ ਲੰਮੇ ਸੰਘਰਸ਼ ਮਗਰੋਂ ਇਸ ਮਾਈਨਰ ਨੂੰ ਕੰਕਰੀਟ ਦਾ ਬਣਾਉਣ ਲਈ ਪਿਛਲੇ ਸਾਲ ਅਕਤੂਬਰ ਵਿੱਚ ਟੈਂਡਰ ਭਰਿਆ ਗਿਆ ਸੀ ।
ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ: ਐੱਸਡੀਓ
ਨਹਿਰੀ ਵਿਭਾਗ ਦੇ ਐੱਸਡੀਓ ਅੱਵਲਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਅੱਜ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਮਾਮਲੇ ਦੀ ਪੜਤਾਲ ਲਈ ਵਿਭਾਗ ਦੇ ਜੂਨੀਅਰ ਇੰਜਨੀਅਰ ਨੂੰ ਮੌਕਾ ਦੇਖਣ ਲਈ ਭੇਜ ਦਿੱਤਾ ਹੈ। ਰਿਪੋਰਟ ਆਉਣ ਮਗਰੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਰਜਵਾਹੇ ਦੀ ਪੱਟੜੀ ’ਤੇ ਪਸ਼ੂ ਚਾਰਨ ਤੋਂ ਰੋਕਿਆ ਜਾਵੇਗਾ ਤੇ ਪਾਣੀ ਚੋਰੀ ਦੇ ਮਾਮਲੇ ਨੂੰ ਵੀ ਗੰਭੀਰਤਾ ਨਾਲ ਲਿਆ ਜਾਵੇਗਾ।