For the best experience, open
https://m.punjabitribuneonline.com
on your mobile browser.
Advertisement

ਪਟਾਕੇ ਤੇ ਪ੍ਰਦੂਸ਼ਣ

07:00 AM Nov 04, 2024 IST
ਪਟਾਕੇ ਤੇ ਪ੍ਰਦੂਸ਼ਣ
Advertisement

Advertisement

ਸੁਪਰੀਮ ਕੋਰਟ ਵੱਲੋਂ ‘ਗਰੀਨ’ ਪਟਾਕਿਆਂ ਬਾਰੇ ਜਾਰੀ ਹਦਾਇਤਾਂ ਅਤੇ ਇਨ੍ਹਾਂ ਨੂੰ ਚਲਾਉਣ ਲਈ ਦਿੱਤੇ ਦੋ ਘੰਟਿਆਂ ਦੇ ਸਮੇਂ (ਰਾਤ 8-10) ਦਾ ਇਸ ਵਾਰ ਵੀ ਦੀਵਾਲੀ ’ਤੇ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ। ਦੇਸ਼ ਦੇ ਲਗਭਗ 100 ਸ਼ਹਿਰਾਂ ਵਿੱਚ ਤਿਉਹਾਰ ਤੋਂ ਇੱਕ ਦਿਨ ਬਾਅਦ ਬਹੁਤ ਮਾੜੀ ਸ਼੍ਰੇਣੀ ਦਾ ਹਵਾ ਪ੍ਰਦੂਸ਼ਣ ਰਿਕਾਰਡ ਕੀਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿੱਚ ਅੰਬਾਲਾ, ਅੰਮ੍ਰਿਤਸਰ ਤੇ ਦਿੱਲੀ ਵੀ ਸ਼ਾਮਿਲ ਹਨ। ਪੰਜਾਬ ਤੇ ਹਰਿਆਣਾ ਵਿੱਚ ਸਥਿਤੀ ਹਫ਼ਤੇ ਦੇ ਅਖ਼ੀਰ ਤੱਕ ਵੀ ਨਹੀਂ ਸੁਧਰੀ ਸੀ; ਦਿੱਲੀ ਵਿੱਚ ਤਾਂ ਇਹ ਹੋਰ ਵੀ ਜਿ਼ਆਦਾ ਗੰਭੀਰ ਹੋ ਗਈ। ਗੱਡੀਆਂ ਦੇ ਧੂੰਏਂ ਤੇ ਪਰਾਲੀ ਸਾੜਨ ਨਾਲ ਹੋਏ ਪ੍ਰਦੂਸ਼ਣ ਨੇ ਸਮੱਸਿਆ ਨੂੰ ਹੋਰ ਬਦਤਰ ਕਰ ਦਿੱਤਾ ਹੈ ਜਿਸ ’ਚ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਈਂ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦੀਵਾਲੀ ਤੋਂ ਹਫ਼ਤਾ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਅਤੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਚੇਤੇ ਕਰਾਇਆ ਸੀ ਕਿ ਪ੍ਰਦੂਸ਼ਣ ਮੁਕਤ ਵਾਤਾਵਰਨ ’ਚ ਰਹਿਣਾ ਇੱਕ ਤਰ੍ਹਾਂ ਨਾਲ ਹਰੇਕ ਨਾਗਰਿਕ ਦਾ ਹੱਕ ਹੈ ਹਾਲਾਂਕਿ ਸਾਫ਼ ਹਵਾ, ਖੇਤਰ ਵਿੱਚ ਕਿਤੇ ਵੀ ਨਹੀਂ ਸੀ।
ਇਸ ਸਮੁੱਚੇ ਹਾਲਾਤ ਲਈ ਸਬੰਧਿਤ ਭਾਵੇਂ ਸਰਕਾਰਾਂ ਜ਼ਿੰਮੇਵਾਰ ਹਨ ਪਰ ਹਵਾ ਦੇ ਮਿਆਰ ਨੂੰ ਪਰਖਣ ਵਾਲੇ ਕਮਿਸ਼ਨ (ਸੀਏਕਿਊਐੱਮ) ਦੀ ਕਾਰਜ ਪ੍ਰਣਾਲੀ ਵਿੱਚ ਵੀ ਅਜੇ ਕਾਫ਼ੀ ਸੁਧਾਰ ਦੀ ਗੁੰਜਾਇਸ਼ ਹੈ। ਸੀਏਕਿਊਐੱਮ ਦੇ ਸੁਧਾਰਵਾਦੀ ਕਦਮਾਂ ਦੇ ਬਾਵਜੂਦ ਦਿੱਲੀ ਧੂੰਏਂ ਦੀ ਸਮੱਸਿਆ ਨਾਲ ਲਗਾਤਾਰ ਜੂਝ ਰਿਹਾ ਹੈ। ਇਸ ਪ੍ਰਸੰਗ ਵਿਚ ਕਮਿਸ਼ਨ ਨੂੰ ਨਵੇਂ ਸਿਰਿਓਂ ਵਿਉਂਤਬੰਦੀ ਕਰਨੀ ਪਵੇਗੀ ਤਾਂ ਕਿ ਇਸ ਸਮੱਸਿਆ ਉਤੇ ਕਾਰਗਰ ਢੰਗ ਨਾਲ ਕਾਬੂ ਪਾਇਆ ਜਾ ਸਕੇ।
ਦੀਵਾਲੀ ਲੋਕਾਂ ਨੂੰ ਮੌਕਾ ਦਿੰਦੀ ਹੈ ਕਿ ਉਹ ਘੱਟ ਪਟਾਕੇ ਚਲਾ ਕੇ ਜਾਂ ਬਿਲਕੁਲ ਇਨ੍ਹਾਂ ਨੂੰ ਤਿਆਗ ਕੇ ਵਾਤਾਵਰਨ ਲਈ ਕੋਈ ਹੰਭਲਾ ਮਾਰਨ ਪਰ ਬਦਕਿਸਮਤੀ ਨਾਲ ਅਜਿਹਾ ਕੁਝ ਨਹੀਂ ਹੁੰਦਾ ਸਗੋਂ ਹਵਾ ਦਾ ਮਿਆਰ ਹੋਰ ਵੀ ਨਿੱਘਰ ਰਿਹਾ ਹੈ ਅਤੇ ਪ੍ਰਦੂਸ਼ਣ ਸਿਖ਼ਰਾਂ ਉੱਤੇ ਹੈ। ਵਿਅੰਗ ਵਾਲੀ ਗੱਲ ਇਹ ਹੈ ਕਿ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ‘ਪਟਾਕੇ ਚਲਾਉਣ ਤੋਂ ਜ਼ਿਆਦਾਤਰ ਗੁਰੇਜ਼ ਕਰਨ’ ’ਤੇ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ ਹੈ ਹਾਲਾਂਕਿ ਉਨ੍ਹਾਂ ਬੜੇ ਸੌਖੇ ਜਿਹੇ ਢੰਗ ਨਾਲ ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਸੁਪਰੀਮ ਕੋਰਟ ਵੱਲੋਂ ਪਟਾਕਿਆਂ ਦੀ ਵਰਤੋਂ ਤੇ ਵਿਕਰੀ ਉੱਤੇ ਲਾਈ ਰੋਕ ਦੀ ਬਿਲਕੁਲ ਕੋਈ ਪਰਵਾਹ ਨਹੀਂ ਕੀਤੀ ਗਈ ਤੇ ਕੌਮੀ ਰਾਜਧਾਨੀ ਵਿੱਚ ਵਿਕਰੀ ਧੜੱਲੇ ਨਾਲ ਹੋਈ। ਲੋਕਾਂ ਦੀ ਸਿਹਤ ਤੋਂ ਇਸ ਤਰ੍ਹਾਂ ਮੂੰਹ ਮੋੜਨਾ ਕਿਸੇ ਆਫ਼ਤ ਦਾ ਕਾਰਨ ਬਣ ਸਕਦਾ ਹੈ। ਸਾਹ ਰੁਕਣ ਤੋਂ ਬਚਣ ਲਈ ਸਮੂਹਿਕ ਜਵਾਬਦੇਹੀ ਤੈਅ ਕਰਨੀ ਪਏਗੀ।

Advertisement

Advertisement
Author Image

Advertisement