ਪਟਾਕਾ ਫੈਕਟਰੀ ਧਮਾਕਾ: ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨਾਂ ਗੈਰਕਾਨੂੰਨੀ ਤੌਰ ’ਤੇ ਬਣ ਰਹੇ ਸੀ ਪਟਾਕੇ
ਇਕਬਾਲ ਸਿੰਘ ਸ਼ਾਂਤ
ਲੰਬੀ, 30 ਮਈ
ਇੱਥੋਂ ਦੇ ਪਿੰਡ ਫ਼ਤੂਹੀਵਾਲਾ ਵਿਚ ਸਥਿਤ ਪਟਾਕਾ ਫੈਕਟਰੀ ਵਿੱਚ ਗੈਰਕਾਨੂੰਨੀ ਤੌਰ ’ਤੇ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੋਈ ਵੀ ਪ੍ਰਵਾਨਗੀ ਜਾਰੀ ਨਹੀਂ ਹੋਈ ਸੀ। ਡਿਪਟੀ ਕਮਿਸ਼ਨਰ ਅਭੀਜੀਤ ਕਪਲੀਸ਼ ਨੇ ਦੱਸਿਆ ਹੈ ਕਿ ਅਜਿਹੇ ਕਾਰਜ ਲਈ ਐਕਸਪਲੋਸਿਵ ਰੂਲਸ 2008 ਦੇ ਤਹਿਤ ਪ੍ਰਵਾਨਗੀ ਲੈਣੀ ਲਾਜ਼ਮੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਸੰਚਲਾਕ ਨੇ ਮਨਜ਼ੂਰੀ ਲਈ ਅਪਲਾਈ ਕੀਤਾ ਸੀ, ਪਰ ਅਰਜ਼ੀ ਅਜੇ ਤੱਕ ਕਾਰਵਾਈ ਅਧੀਨ ਸੀ। ਅਜਿਹੇ ਵਿੱਚ ਫੈਕਟਰੀ ਦੇ ਕੋਲ ਕੋਈ ਮਨਜ਼ੂਰੀ ਨਹੀਂ ਸੀ।
ਸੂਤਰਾਂ ਮੁਤਾਬਕ ਆਗੂ ਤਰਸੇਮ ਸਿੰਘ ਦੇ ਪੁੱਤਰ ਨਵਰਾਜ ਸਿੰਘ ਵਾਸੀ ਫਤੂਹੀਵਾਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲ ਪਟਾਕੇ ਬਣਾਉਣ ਦੀ ਮਨਜ਼ੂਰੀ ਲਈ ਮੈਸਰਜ ਸਿਵਿਕ ਟਰੇਡਰਜ਼ ਨੂੰ ਲਾਈਸੈਂਸ ਮਨਜ਼ੂਰੀ ਦੇਣ ਲਈ ਅਰਜ਼ੀ ਦਿੱਤੀ ਸੀ। ਜਿਸ ਦੀ ਜਮੀਨ ਸਬੰਧੀ ਪੜਤਾਲ ਰਿਪੋਰਟ ਅਪਰੈਲ ਮਹੀਨੇ ਵਿੱਚ ਹੋਈ ਸੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਦੀ ਪਹਿਲ ਜ਼ਖਮੀਆਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣਾ ਹੈ। ਜਾਂਚ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪਟਾਕਾ ਫੈਕਟਰੀ ਧਮਾਕੇ ’ਚ ਪੀੜਤਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜ਼ਖਮੀਆਂ ਦਾ ਇਲਾਜ ਪੰਜਾਬ ਸਰਕਾਰ ਦੀ ਫਰਿਸ਼ਤੇ ਸਕੀਮ ਵਿੱਚੋਂ ਇਲਾਜ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੰਭੀਰ ਜ਼ਖਮੀਆਂ ਬਠਿੰਡਾ ਸਥਿਤ ਏਮਜ਼ ਅਤੇ ਹੋਰਾਂ ਨੂੰ ਸਿਵਲ ਹਸਪਤਾਲ ਬਾਦਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲੀਸ ਮੁਖੀ ਡਾ. ਅਖਿਲ ਚੌਧਰੀ, ਐਸ.ਡੀ.ਐਮ ਜਸਪਾਲ ਸਿੰਘ ਅਤੇ ਐਸਪੀ (ਡੀ) ਮਨਮੀਤ ਸਿੰਘ ਨੇ ਪਿੰਡ ਬਾਦਲ ਵਿਖੇ ਸਥਿਤ ਸਿਵਲ ਹਸਪਤਾਲ ਵਿੱਚ ਜ਼ਖਮੀਆਂ ਦਾ ਹਾਲ-ਚਾਲ ਜਾਣਿਆ। ਉਧਰ ਡਾਕਟਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਜ਼ਖਮੀਆਂ ਹਾਲਤ ਦੀ ਸਥਿਰ ਹੈ।