ਯੂਪੀ ਭਾਜਪਾ ’ਚ ਦਰਾੜ
ਭਾਜਪਾ ਦੀ ਉੱਤਰ ਪ੍ਰਦੇਸ਼ ਇਕਾਈ ’ਚ ਸਭ ਕੁਝ ਠੀਕ ਨਹੀਂ ਹੈ। ਇਹ ਉਹੀ ਸੂਬਾ ਹੈ ਜਿਸ ਨੂੰ ਸਿਆਸੀ ਤੇ ਚੁਣਾਵੀ ਪੱਖ ਤੋਂ ਦੇਸ਼ ਦਾ ਸਭ ਤੋਂ ਮਹੱਤਵਪੂਰਨ ਰਾਜ ਮੰਨਿਆ ਜਾਂਦਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਤਵਾਰ ਨੂੰ ਪਾਰਟੀ ਦੀ ਸੂਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਇਹ ਬਿਆਨ ਦੇ ਕੇ ਹਲਚਲ ਪੈਦਾ ਕਰ ਦਿੱਤੀ ਕਿ ‘ਲੋੜੋਂ ਵੱਧ ਆਤਮ-ਵਿਸ਼ਵਾਸ ਤੇ ਤਬਦੀਲ ਹੋਈਆਂ ਵੋਟਾਂ’ ਨੇ ਹਾਲੀਆ ਲੋਕ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਰਾਜ ’ਚ ਭਾਜਪਾ ਦੀਆਂ ਸੰਭਾਵਨਾਵਾਂ ਨੂੰ ਸੱਟ ਮਾਰੀ ਹੈ। ਪਾਰਟੀ ’ਚ ਦਰਾੜ ਉਸ ਵੇਲੇ ਖੁੱਲ੍ਹ ਕੇ ਸਾਹਮਣੇ ਆ ਗਈ ਜਦੋਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਮੀਟਿੰਗ ਵਿੱਚ ਕਿਹਾ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਹਮੇਸ਼ਾ ਸਰਕਾਰ ਤੋਂ ਵੱਡਾ ਹੁੰਦਾ ਹੈ। ਪਾਰਟੀ ’ਚ ਅੰਦਰਖਾਤੇ ਚੱਲ ਰਹੀ ਖਿੱਚੋਤਾਣ ਨੂੰ ਉਦੋਂ ਹੋਰ ਬਲ ਮਿਲਿਆ ਜਦ ਮੰਗਲਵਾਰ ਮੌਰੀਆ ਨੇ ਭਾਜਪਾ ਪ੍ਰਧਾਨ ਜੇਪੀ ਨੱਢਾ ਨਾਲ ਨਵੀਂ ਦਿੱਲੀ ’ਚ ਮੁਲਾਕਾਤ ਕੀਤੀ। ਇਸ ਮਾਮਲੇ ’ਚ ਇੱਕ ਹੋਰ ਮੁੱਖ ਹਿੱਤਧਾਰਕ ਸੂਬਾ ਪਾਰਟੀ ਪ੍ਰਧਾਨ ਭੁਪੇਂਦਰ ਸਿੰਘ ਚੌਧਰੀ ਹਨ ਜੋ ਇਸ ਹਫ਼ਤੇ ਵੱਖੋ-ਵੱਖਰੇ ਪੱਧਰ ’ਤੇ ਨੱਢਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤਾਂ ਕਰ ਚੁੱਕੇ ਹਨ।
ਸੰਸਦ ਦੇ ਹੇਠਲੇ ਸਦਨ ਲੋਕ ਸਭਾ ਵਿੱਚ ਭਗਵਾਂ ਪਾਰਟੀ ਦੇ ਇਸ ਵਾਰ ਬਹੁਮਤ ਦੇ ਅੰਕੜੇ ਤੋਂ ਪਿੱਛੇ ਰਹਿ ਜਾਣ ਦਾ ਵੱਡਾ ਕਾਰਨ ਯੂਪੀ ਵਿੱਚ ਮਾੜੀ ਕਾਰਗੁਜ਼ਾਰੀ ਹੈ। ਭਾਜਪਾ ਨੇ ਹਾਲੀਆ ਲੋਕ ਸਭਾ ਚੋਣਾਂ ’ਚ ਯੂਪੀ ਵਿੱਚ ਸਿਰਫ਼ 33 ਸੀਟਾਂ ਜਿੱਤੀਆਂ ਹਨ (2019 ਵਿੱਚ 62 ਸੀਟਾਂ ਸਨ); ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੂੰ 43 ਸੀਟਾਂ ਨਾਲ ਵੱਡੀ ਸਫ਼ਲਤਾ ਮਿਲੀ ਹੈ। ਜਿ਼ਕਰਯੋਗ ਹੈ ਕਿ ਯੂਪੀ ਵਿੱਚੋਂ 80 ਮੈਂਬਰ ਚੁਣ ਕੇ ਲੋਕ ਸਭਾ ਜਾਂਦੇ ਹਨ ਜੋ ਕਾਫ਼ੀ ਵੱਡਾ ਅੰਕੜਾ ਹੈ। ਕੇਂਦਰ ਸਰਕਾਰ ਦੇ ਗਠਨ ’ਚ ਉੱਤਰ ਪ੍ਰਦੇਸ਼ ਦੀ ਅਹਿਮ ਭੂਮਿਕਾ ਰਹਿੰਦੀ ਹੈ। ਭਾਜਪਾ ਲਈ ਸਭ ਤੋਂ ਵੱਡਾ ਝਟਕਾ ਪਾਰਟੀ ਨੂੰ ਅਯੁੱਧਿਆ ਜਿ਼ਲ੍ਹੇ ਦੇ ਫੈਜ਼ਾਬਾਦ ਲੋਕ ਸਭਾ ਹਲਕੇ ਤੋਂ ਮਿਲੀ ਹਾਰ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਵਰੀ ’ਚ ਰਾਮ ਮੰਦਰ ਦਾ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਖ਼ੁਦ ਵੀ ਆਪਣੀ ਵਾਰਾਨਸੀ ਸੀਟ ਤੋਂ ਕਰੀਬ 1.52 ਲੱਖ ਵੋਟਾਂ ਦੇ ਫ਼ਰਕ ਨਾਲ ਹੀ ਜਿੱਤੇ ਹਨ। ਇਹ ਅੰਕੜਾ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੀ ਜਿੱਤ ਦੇ ਫ਼ਰਕ (4.79 ਲੱਖ ਵੋਟਾਂ) ਨਾਲੋਂ ਕਾਫ਼ੀ ਘੱਟ ਹੈ। ਆਮ ਜਨਤਾ ਵਿਚ ਇਸ ਦਾ ਬਾਕਾਇਦਾ ਅਸਰ ਗਿਆ ਹੈ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਬਤੌਰ ਲੀਡਰ ਉੱਭਰ ਕੇ ਅੱਗੇ ਆਏ ਹਨ। ਇਸ ਪ੍ਰਸੰਗ ਵਿਚ ਵਿਰੋਧੀ ਧਿਰ ਦੀ ਜ਼ਮੀਨ ਮੁਕਾਬਲਤਨ ਮਜ਼ਬੂਤ ਹੋਈ ਹੈ ਜੋ ਪਿਛਲੇ ਸਾਲਾਂ ਦੌਰਾਨ ਦੇਖਣ ਵਿੱਚ ਆਇਆ ਸਿਆਸੀ ਨਿਘਾਰ ਠੱਲ੍ਹਣ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ।
ਰਾਜ ਵਿੱਚ ਆਉਣ ਵਾਲੇ ਮਹੀਨਿਆਂ ’ਚ 10 ਵਿਧਾਨ ਸਭਾ ਸੀਟਾਂ ’ਤੇ ਜਿ਼ਮਨੀ ਚੋਣਾਂ ਹੋਣਗੀਆਂ। ਇਸ ਤੋਂ ਪਹਿਲਾਂ ਪਾਰਟੀ ਹਾਈਕਮਾਨ ਨੂੰ ਯੋਗੀ, ਮੌਰੀਆ ਅਤੇ ਚੌਧਰੀ ’ਚ ਸਹਿਮਤੀ ਬਣਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਬਦਲ ਵਜੋਂ ਦੇਖੇ ਜਾ ਰਹੇ ਮੁੱਖ ਮੰਤਰੀ ਯੋਗੀ ਦਾ ਸਿਆਸੀ ਕੱਦ ਹਾਲੀਆ ਚੋਣਾਂ ’ਚ ਮਿਲੀ ਹਾਰ ਕਾਰਨ ਘਟ ਗਿਆ ਹੈ। ਸਮਾਜਵਾਦੀ ਪਾਰਟੀ-ਕਾਂਗਰਸ ਗੱਠਜੋੜ ਦੇ ਉਭਾਰ ਨੂੰ ਵਿਚਾਰਿਆ ਜਾਵੇ ਤਾਂ ਭਾਜਪਾ ਲਈ ਯੂਪੀ ’ਚ ਇਸ ਸਮੱਸਿਆ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੋਵੇਗਾ, ਨਹੀਂ ਤਾਂ ਇਸ ਨੂੰ ਹੋਰ ਸਿਆਸੀ ਜ਼ਮੀਨ ਵੀ ਗੁਆਉਣੀ ਪੈ ਸਕਦੀ ਹੈ।