For the best experience, open
https://m.punjabitribuneonline.com
on your mobile browser.
Advertisement

ਪਿੰਡ ਬਰਕੰਦੀ ਨੇੜੇ ਰਾਮਗੜ੍ਹ ਮਾਈਨਰ ’ਚ ਪਿਆ ਪਾੜ

07:34 AM Mar 02, 2024 IST
ਪਿੰਡ ਬਰਕੰਦੀ ਨੇੜੇ ਰਾਮਗੜ੍ਹ ਮਾਈਨਰ ’ਚ ਪਿਆ ਪਾੜ
ਰਾਮਗੜ੍ਹ ਮਾਈਨਰ ਵਿੱਚ ਪਿਆ ਪਾੜ।
Advertisement

ਮਨੋਜ ਸ਼ਰਮਾ
ਬਠਿੰਡਾ, 1 ਮਾਰਚ
ਇੱਥੇ ਬਠਿੰਡਾ ਦੀ ਹੱਦ ’ਤੇ ਵਸੇ ਪਿੰਡ ਬਰਕੰਦੀ ਦੇ ਰੌਂਤੇ ਰਜਵਾਹੇ ਵਿੱਚੋਂ ਨਿਕਲਦੀ ਰਾਮਗੜ੍ਹ ਮਾਈਨਰ ਵਿੱਚ ਅੱਜ ਸਵੇਰੇ 5 ਵਜੇ ਦੇ ਕ਼ਰੀਬ ਪਾੜ ਪੈਣ ਕਾਰਨ ਕਿਸਾਨਾਂ ਦੀ ਕਣਕ ਅਤੇ ਚਾਰੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਉਧਰ, ਨਹਿਰੀ ਵਿਭਾਗ ਦਾ ਇੱਕ ਸੂਤਰ ਮਾਈਨਰ ਦੀ ਪਟੜੀ ਵਿੱਚ ਚੂਹਿਆਂ ਦੀਆਂ ਖੱਡਾਂ ਨੂੰ ਪਾੜ ਪੈਣ ਦਾ ਮੁੱਖ ਕਾਰਨ ਦੱਸ ਰਿਹਾ ਹੈ। ਸ਼ੁੱਕਰਵਾਰ ਨੂੰ ਰਾਮਗੜ੍ਹ ਮਾਈਨਰ ਵਿੱਚ 25 ਫੁੱਟ ਦੇ ਕਰੀਬ ਪਾੜ ਪੈਣ ਕਾਰਨ ਕਿਸਾਨ ਇਕਬਾਲ ਸਿੰਘ, ਗਿਆਨ ਸਿੰਘ ਪੁੱਤਰ ਹਰਨੇਕ ਸਿੰਘ, ਪ੍ਰਗਟ ਸਿੰਘ ਜਗਸੀਰ ਸਿੰਘ ਗਮਦੂਰ ਸਿੰਘ ਆਦਿ ਦੀ ਕਣਕ ਦੀ ਫਸਲ ਅਤੇ ਪਸ਼ੂਆਂ ਦੇ ਚਾਰੇ ਦੀ ਫਸਲ ’ਤੇ ਪਾਣੀ ਫਿਰਨ ਕਾਰਨ ਕਣਕ ਦਾ ਨੁਕਸਾਨ ਹੋ ਗਿਆ ਹੈ।
ਕਿਸਾਨਾਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉੱਪਰੋਂ ਮੌਸਮ ਖਰਾਬ ਹੋਣ ਕਾਰਨ ਜੇ ਝੱਖੜ ਚੱਲਦਾ ਹੈ ਤਾਂ ਕਣਕ ਦਾ ਹੋਰ ਵੀ ਨੁਕਸਾਨ ਹੋਵੇਗਾ। ਪੀੜਤ ਕਿਸਾਨਾਂ ਨੇ ਦੱਸਿਆ ਕਿ ਮਗਰਲੇ ਪਿੰਡਾਂ ਦੇ ਸਬੰਧਤ ਕਿਸਾਨ ਮੋਘੇ ਬੰਦ ਕਰ ਦਿੰਦੇ ਹਨ। ਇਸ ਕਾਰਨ ਪਾਣੀ ਓਵਰਫਲੋਅ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਕਰੀਬ 50 ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਇਸ ਮੌਕੇ ਪਿੰਡ ਬਰਕੰਦੀ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਇਹ ਮਾਈਨਰ ਬਠਿੰਡਾ ਅਤੇ ਫਰੀਦਕੋਟ ਦੀ ਹੱਦ ’ਤੇ ਬਣਿਆ ਹੋਣ ਕਾਰਨ ਦੋਵੇਂ ਜ਼ਿਲ੍ਹਿਆਂ ਦੇ ਵਿਭਾਗ ਇਸ ਤੋਂ ਪਾਸਾ ਵੱਟਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕਰੀਬ 30 ਫੁੱਟ ਦਾ ਪਾੜ ਪੈ ਗਿਆ। ਇਸ ਨੂੰ ਬੜੀ ਮੁਸ਼ਕਿਲ ਨਾਲ ਨਾਲ ਸ਼ਾਮ ਤੱਕ ਪੂਰਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਮੌਕੇ ਨਹਿਰੀ ਵਿਭਾਗ ਦਾ ਕੋਈ ਅਧਿਕਾਰੀ ਨਹੀਂ ਪੁੱਜਿਆ, ਜਦੋਂਕਿ ਪਾੜ ਪੈਣ ’ਤੇ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ । ਇਸ ਸਬੰਧੀ ਨਹਿਰ ਵਿਭਾਗ ਦੇ ਜੂਨੀਅਰ ਇੰਜਨੀਅਰ ਅਮਨਦੀਪ ਗਰਗ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

Advertisement

Advertisement
Author Image

joginder kumar

View all posts

Advertisement
Advertisement
×