ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਫ਼ਰਤੀ ਭਾਸ਼ਣਾਂ ’ਤੇ ਨਕੇਲ ਕੱਸੀ ਜਾਵੇ: ਸੁਪਰੀਮ ਕੋਰਟ

07:04 AM Aug 03, 2023 IST
ਰੈਪਿਡ ਐਕਸ਼ਨ ਫੋਰਸ ਦੇ ਜਵਾਨ ਬਾਦਸ਼ਾਹਪੁਰ ’ਚ ਫਲੈਗ ਮਾਰਚ ਕਰਦੇ ਹੋਏ। -ਫੋਟੋ: ਪੀਟੀਆਈ

* ਵੀਐੇੱਚਪੀ ਅਤੇ ਬਜਰੰਗ ਦਲ ਦੀਆਂ ਰੈਲੀਆਂ ’ਤੇ ਰੋਕ ਲਾਉਣ ਤੋਂ ਨਾਂਹ

* ਸਿਖਰਲੀ ਅਦਾਲਤ ਭਲਕੇ ਮੁੜ ਕਰੇਗੀ ਸੁਣਵਾਈ

ਨਵੀਂ ਦਿੱਲੀ, 2 ਅਗਸਤ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਤੇ ਬਜਰੰਗ ਦਲ ਵੱਲੋਂ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਕੀਤੀਆਂ ਜਾਣ ਵਾਲੀਆਂ ਤਜਵੀਜ਼ਤ ਰੈਲੀਆਂ ’ਤੇ ਰੋਕ ਨਹੀਂ ਲਾ ਰਹੀ, ਪਰ ਸੂਬਾ ਸਰਕਾਰਾਂ ਨੂੰ ਇਨ੍ਹਾਂ ਰੈਲੀਆਂ/ਰੋਸ ਮੁਜ਼ਾਹਰਿਆਂ ਦੌਰਾਨ ਨਫ਼ਰਤੀ ਤਕਰੀਰ ’ਤੇ ਸਖ਼ਤੀ ਨਾਲ ਲਗਾਮ ਕੱਸਣੀ ਹੋਵੇਗੀ। ਸਿਖਰਲੀ ਕੋਰਟ ਨੇ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਫਿਰਕੂ ਝੜਪਾਂ ’ਚ ਛੇ ਵਿਅਕਤੀਆਂ ਦੀ ਮੌਤ ਮਗਰੋਂ ਅੱਜ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਅਮਲੇ ਦੀ ਨਫ਼ਰੀ ਵਧਾਉਣ ਦੇ ਹੁਕਮ ਦਿੱਤੇ ਹਨ। ਜਸਟਿਸ ਸੰਜੀਵ ਖੰਨਾ ਤੇ ਜਸਟਿਸ ਐੱਸ.ਵੀ.ਭੱਟੀ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਸੰਵੇਦਨਸ਼ੀਲ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਦੇ ਹੁਕਮ ਵੀ ਦਿੱਤੇ ਹਨ। ਬੈਂਚ ਨੇ ਕਿਹਾ, ‘‘ਅਸੀਂ ਆਸ ਕਰਦੇ ਹਾਂ ਤੇ ਸਾਨੂੰ ਯਕੀਨ ਹੈ ਕਿ ਪੁਲੀਸ ਅਥਾਰਿਟੀਜ਼ ਸਣੇ ਸੂਬਾ ਸਰਕਾਰਾਂ ਯਕੀਨੀ ਬਣਾਉਣਗੀਆਂ ਕਿ ਇਨ੍ਹਾਂ ਰੈਲੀਆਂ ਦੌਰਾਨ ਕਿਸੇ ਭਾਈਚਾਰੇ ਖਿਲਾਫ਼ ਕੋਈ ਨਫ਼ਤਰੀ ਭਾਸ਼ਣ ਨਾ ਦਿੱਤਾ ਜਾਵੇ ਅਤੇ ਨਾ ਕੋਈ ਹਿੰਸਾ ਹੋਵੇ ਤੇ ਨਾ ਜਾਇਦਾਦਾਂ ਨੂੰ ਨੁਕਸਾਨ ਪਹੁੰਚੇ। ਜਿੱਥੇ ਲੋੜ ਹੋਵੇ ਉਥੇ ਮੁਨਾਸਬ ਪੁਲੀਸ ਬਲ ਜਾਂ ਨੀਮ ਫੌਜੀ ਬਲਾਂ ਦੀ ਤਾਇਨਾਤੀ ਕੀਤੀ ਜਾਵੇ।’’
ਸੁਪਰੀਮ ਕੋਰਟ ਨੇ ਕੇਂਦਰ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਐੱਸ.ਵੀ.ਰਾਜੂ ਨੂੰ ਹਦਾਇਤ ਕੀਤੀ ਕਿ ਉਹ ਫੌਰੀ ਅਥਾਰਿਟੀਜ਼ ਨਾਲ ਰਾਬਤਾ ਕਰਕੇ ਇਹ ਯਕੀਨੀ ਬਣਾਉਣ ਕਿ ਹੋਰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਸੁਪਰੀਮ ਕੋਰਟ ਹੁਣ ਇਸ ਮਾਮਲੇ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ। ਸਰਵਉੱਚ ਅਦਾਲਤ ਪੱਤਰਕਾਰ ਸ਼ਾਹੀਨ ਅਬਦੁੱਲਾ ਵੱਲੋਂ ਪੇਸ਼ ਵਕੀਲ ਸੀ.ਯੂ.ਸਿੰਘ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਸਿੰਘ ਨੇ ਕੋਰਟ ਦੇ ਧਿਆਨ ’ਚ ਲਿਆਂਦਾ ਕਿ ਹਿੰਦੂ ਸੱਜੇਪੱਖੀ ਸਮੂਹਾਂ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੇ ਕੌਮੀ ਰਾਜਧਾਨੀ ਖੇਤਰ ਦੇ ਵੱਖ ਵੱਖ ਹਿੱਸਿਆਂ ਵਿੱਚ 23 ਰੈਲੀਆਂ ਤੇ ਰੋਸ ਮੁਜ਼ਾਹਰਿਆਂ ਦਾ ਪ੍ਰੋਗਰਾਮ ਉਲੀਕਿਆ ਹੈ। ਹਰਿਆਣਾ ਦੇ ਨੂਹ ਵਿੱਚ 31 ਜੁਲਾਈ ਨੂੰ ਵੀਐੱਚਪੀ ਵੱਲੋਂ ਕੱਢੀ ਧਾਰਮਿਕ ਯਾਤਰਾ ਨੂੰ ਹਜੂਮ ਵੱਲੋਂ ਰੋਕੇ ਜਾਣ ਮਗਰੋਂ ਭੜਕੀ ਹਿੰਸਾ ਵਿੱਚ ਹੋਮ ਗਾਰਡ ਦੇ ਦੋ ਜਵਾਨਾਂ ਸਣੇ 6 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਹਿੰਸਾ ਦਾ ਸੇਕ ਦਿੱਲੀ ਨਾਲ ਲੱਗਦੇ ਪਲਵਲ, ਫਰੀਦਾਬਾਦ ਤੇ ਗੁਰੂਗ੍ਰਾਮ ਨੂੰ ਵੀ ਲੱਗਾ, ਜਿੱਥੋਂ ਹਿੰਸਾ ਤੇ ਅੱਗਜ਼ਨੀ ਦੀਆਂ ਕਈ ਘਟਨਾਵਾਂ ਰਿਪੋਰਟ ਹੋਈਆਂ ਹਨ। ਹਰਿਆਣਾ ਸਰਕਾਰ ਮੁਤਾਬਕ ਹੁਣ ਤੱਕ 116 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵੀਐੱਚਪੀ ਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਫਿਰਕੂ ਹਿੰਸਾ ਖਿਲਾਫ਼ ਅੱਜ ਕੌਮੀ ਰਾਜਧਾਨੀ ਵਿੱਚ ਕਈ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ। ਇਸ ਦੌਰਾਨ ਪੁਲੀਸ ਨੇ ਇਹਤਿਆਤ ਵਜੋਂ ਕੌਮੀ ਰਾਜਧਾਨੀ ਵਿੱਚ ਸੰਵੇਦਨਸ਼ੀਲ ਥਾਵਾਂ ’ਤੇ ਸੁਰੱਖਿਆ ਵਧਾ ਦਿੱਤੀ ਹੈ। ਰੋਸ ਮੁਜ਼ਾਹਰਿਆਂ ਕਰਕੇ ਵਿਕਾਸ ਮਾਰਗ ਜੋ ਪੂਰਬੀ ਦਿੱਲੀ ਨੂੰ ਕੇਂਦਰੀ ਦਿੱਲੀ ਦੇ ਕਈ ਹਿੱਸਿਆਂ ਨਾਲ ਜੋੜਦਾ ਹੈ, ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਸੋਸ਼ਲ ਮੀਡੀਆ ’ਤੇ ਨਸ਼ਰ ਵੀਡੀਓਜ਼ ਵਿੱਚ ਬਜਰੰਗ ਦਲ ਦੇ ਹਮਾਇਤੀ ਨਿਰਮਾਣ ਵਿਹਾਰ ਮੈਟਰੋ ਸਟੇਸ਼ਨ ਨੇੜੇ ਹਨੂਮਾਨ ਚਾਲੀਸਾ ਦਾ ਜਾਪ ਕਰਦੇ ਨਜ਼ਰ ਆ ਰਹੇ ਹਨ। ਹਮਾਇਤੀਆਂ ਨੇ ਵਿਕਾਸ ਮਾਰਗ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ। -ਪੀਟੀਆਈ

Advertisement

ਫਿਰਕੂ ਹਿੰਸਾ ਦੇ ਕੇਸਾਂ ਦੀ ਜਾਂਚ ਲਈ ‘ਸਿਟ’ ਬਣਾਵਾਂਗੇ: ਡੀਜੀਪੀ

ਗੁਰੂਗ੍ਰਾਮ: ਹਰਿਆਣਾ ਦੇ ਡੀਜੀਪੀ ਪੀ.ਕੇ.ਅਗਰਵਾਲ ਨੇ ਅੱਜ ਕਿਹਾ ਕਿ ਸੂਬੇ ਵਿਚ ਫਿਰਕੂ ਹਿੰਸਾ ਦੇ ਕੇਸਾਂ ਅਤੇ ਝੜਪਾਂ ਵਿਚ ਬਜਰੰਗ ਦਲ ਦੇ ਮੈਂਬਰ ਮੋਨੂ ਮਾਨੇਸਰ ਦੀ ਭੁੂਮਿਕਾ ਦੀ ਜਾਂਚ ਲਈ ਵਿਸ਼ੇਸ ਜਾਂਚ ਟੀਮ (ਸਿਟ) ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਗੁਰੂਗ੍ਰਾਮ ਦੀ ਮਸਜਿਦ ਦੇ ਮੌਲਵੀ ਦੀ ਹੱਤਿਆ ਮਾਮਲੇ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਲ 41 ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਤੇ 116 ਮਸ਼ਕੂਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੌ ਤੋਂ ਵੱਧ ਸ਼ੱਕੀਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਜੀਪੀ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਹਾਲਾਤ ਕੰਟਰੋਲ ਹੇਠ ਹਨ ਤੇ ਨੂਹ ਵਿੱਚ ਥੋੜ੍ਹੇ ਸਮੇਂ ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਕਿਸੇ ਤਰ੍ਹਾਂ ਦੀ ਹਿੰਸਾ ਦੀ ਕੋਈ ਰਿਪੋਰਟ ਨਹੀਂ ਹੈ। ਅਗਰਵਾਲ ਨੇ ਕਿਹਾ ਕਿ ਨੂਹ ਵਿੱਚ ਸੀਨੀਅਰ ਅਧਿਕਾਰੀ ਤਾਇਨਾਤ ਹਨ ਤੇ ਪੁਲੀਸ ਬਲ ਨੂੰ ਪ੍ਰਸ਼ਾਸਨਿਕ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤੀ ਨਾਲ ਸਿੱਝਣ ਦੀ ਹਦਾਇਤ ਕੀਤੀ ਗਈ ਹੈ। -ਪੀਟੀਆਈ

ਫਰੀਦਾਬਾਦ ਤੇ ਗੁਰੂਗ੍ਰਾਮ ਵਿੱਚ ਹਿੰਸਾ ਮਗਰੋਂ ਸ਼ਾਂਤੀ ਬਹਾਲੀ ਲਈ ਕੋਸ਼ਿਸ਼ਾਂ

ਫਰੀਦਾਬਾਦ(ਕੁਲਵਿੰਦਰ ਕੌਰ ਦਿਓਲ): ਦਿੱਲੀ ਕੌਮੀ ਰਾਜਧਾਨੀ ਖੇਤਰ ਦੇ ਜ਼ਿਲ੍ਹਿਆਂ ਗੁਰੂਗ੍ਰਾਮ, ਪਲਵਲ ਤੇ ਫਰੀਦਾਬਾਦ ਵਿੱਚ ਝੜਪਾਂ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ। ਫਰੀਦਾਬਾਦ ’ਚ ਕੇਂਦਰੀ ਬਲਾਂ ਹੋਰ ਕੰਪਨੀਆਂ ਪਹੁੰਚ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਗੁਰੂਗ੍ਰਾਮ ਦੇ ਸੋਹਨਾ ਰੋਡ ਤੇ ਬਾਦਸ਼ਾਹਪੁਰ ਵਿੱਚ ਹਿੰਸਾ ਹੋਈ। ਖੇਤਰ ਵਿੱਚ ਮੋਬਾਈਲ ਇੰਟਰਨੈੱਟ ਕੁਨੈਕਸ਼ਨਾਂ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ। ਦਿੱਲੀ-ਬਦਰਪੁਰ ਬਾਰਡਰ ਉਪਰ ਬਜਰੰਗ ਦਲ ਦੇ ਕੁਝ ਕਾਰਕੁਨ ਦਿੱਲੀ ਤੋਂ ਇਕੱਠੇ ਹੋਏ ਤੇ ਉਨ੍ਹਾਂ ਨਾਅਰੇਬਾਜ਼ੀ ਕੀਤੀ। ਕੁਝ ਦੇਰ ਲਈ ਕੌਮੀ ਸ਼ਾਹ ਮਾਰਗ-2 ਉਪਰ ਆਵਾਜਾਈ ਵੀ ਪ੍ਰਭਾਵਿਤ ਹੋਈ, ਪਰ ਪੁਲੀਸ ਨੇ ਮੌਕਾ ਸਾਂਭ ਲਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਂਤੀ ਕਮੇਟੀ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਅੰਦਰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਫਰੀਦਾਬਾਦ, ਬੱਲਭਗੜ੍ਹ ਤੇ ਪੁਰਾਣਾ ਫਰੀਦਾਬਾਦ ਸਮੇਤ ਪਲਵਲ ਵਿੱਚ ਪੁਲੀਸ ਚੌਕਸ ਰਹੀ ਤੇ ਸਥਾਨਕ ਐਸਡੀਐਮ’ਜ਼ ਦੀ ਨਿਗਰਾਨੀ ਹੇਠ ਫਲੈਗ ਮਾਰਚ ਕੱਢੇ ਗਏ।

Advertisement

Advertisement