ਸਕੂਲਾਂ ’ਚ ਰੈਗੂਲਰ ਕਲਾਸਾਂ ਬਾਰੇ ਵਿਚਾਰ ਕਰੇ ਸੀਏਕਿਊਐੱਮ: ਸੁਪਰੀਮ ਕੋਰਟ
ਨਵੀਂ ਦਿੱਲੀ, 25 ਨਵੰਬਰ
ਸੁਪਰੀਮ ਕੋਰਟ ਨੇ ਅੱਜ ਕੌਮੀ ਰਾਜਧਾਨੀ ਖੇਤਰ ਤੇ ਨੇੜਲੇ ਇਲਾਕਿਆਂ ’ਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਨੂੰ ਕਾਲਜਾਂ ਤੇ ਸਕੂਲਾਂ ’ਚ ਰੈਗੂਲਰ ਕਲਾਸਾਂ ਮੁੜ ਤੋਂ ਸ਼ੁਰੂ ਕਰਨ ’ਤੇ ਵਿਚਾਰ ਕਰਨ ਨੂੰ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕਈ ਵਿਦਿਆਰਥੀਆਂ ਕੋਲ ਆਨਲਾਈਨ ਕਲਾਸਾਂ ਲੈਣ ਦੌਰਾਨ ਮਿੱਡ-ਡੇਅ ਮੀਲ ਅਤੇ ਹੋਰ ਜ਼ਰੂਰੀ ਸਹੂਲਤਾਂ ਦੀ ਕਮੀ ਹੈ।
ਜਸਟਿਸ ਅਭੈ ਐੱਸ. ਓਕਾ ਤੇ ਜਸਟਿਸ ਅਗਸਟੀਨ ਜੌਰਜ ਮਸੀਹ ਦੇ ਬੈਂਚ ਨੇ ਕਿਹਾ ਕਿ ਵੱਡੀ ਗਿਣਤੀ ’ਚ ਵਿਦਿਆਰਥੀਆਂ ਕੋਲ ਘਰ ’ਚ ‘ਏਅਰ ਪਿਊਰੀਫਾਇਰ’ ਨਹੀਂ ਹਨ ਅਤੇ ਇਸ ਲਈ ਘਰ ਰਹਿਣ ਵਾਲੇ ਤੇ ਸਕੂਲ ਜਾਣ ਵਾਲੇ ਬੱਚਿਆਂ ਵਿਚਾਲੇ ਫਰਕ ਨਹੀਂ ਕੀਤਾ ਜਾ ਸਕਦਾ। ਸਿਖਰਲੀ ਅਦਾਲਤ ਨੇ ਹਾਲਾਂਕਿ ਦਿੱਲੀ-ਐੱਨਸੀਆਰ ’ਚ ਜੀਆਰਏਪੀ ਦੇ ਚੌਥੇ ਗੇੜ ’ਚ ਪਾਬੰਦੀਆਂ ’ਚ ਢਿੱਲ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਉਹ ਇਸ ਗੱਲ ਤੋਂ ਸੰਤੁਸ਼ਟ ਨਹੀਂ ਹੋ ਜਾਂਦੇ ਕਿ ਏਕਿਊਆਈ ਦੇ ਪੱਧਰ ’ਚ ਲਗਾਤਾਰ ਕਮੀ ਆ ਰਹੀ ਹੈ ਉਦੋਂ ਤੱਕ ਜੀਆਰਏਪੀ ਦੇ ਤੀਜੇ ਜਾਂ ਦੂਜੇ ਗੇੜ ਨੂੰ ਲਾਗੂ ਕਰਨ ਦਾ ਹੁਕਮ ਦੇ ਸਕਦੇ। -ਪੀਟੀਆਈ