ਸੀਪੀਐੱਮ ਵੱਲੋਂ ਆੜ੍ਹਤੀਆਂ ਦੇ ਧਰਨੇ ਨੂੰ ਸਮਰਥਨ
ਫਰਿੰਦਰ ਪਾਲ ਗੁਲੀਆਣੀ
ਨਰਾਇਣਗੜ੍ਹ 3 ਅਪਰੈਲ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਜ਼ਿਲ੍ਹਾ ਕਮੇਟੀ ਅੰਬਾਲਾ ਦੇ ਪ੍ਰਧਾਨ ਸਤੀਸ਼ ਸੇਠੀ ਅਤੇ ਕਾਮਰੇਡ ਰਮੇਸ਼ ਨਨਹੇੜਾ ਨੇ ਅੱਜ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਮਾਰਕੀਟ ਕਮੇਟੀ ਦਫ਼ਤਰ ਦੇ ਗੇਟ ’ਤੇ ਦਿੱਤੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਅੰਦੋਲਨ ਦੀ ਹਮਾਇਤ ਕਰਦਿਆਂ ਕਿਹਾ ਕਿ ਭਾਜਪਾ ਦੀ ਕੇਂਦਰ ਅਤੇ ਰਾਜ ਸਰਕਾਰ ਵਾਰ-ਵਾਰ ਮੰਡੀਆਂ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਇਸ ਲਈ ਲੋਕ ਸਭਾ ਚੋਣਾਂ ’ਚ ਰੋਜ਼ੀ-ਰੋਟੀ ’ਤੇ ਹਮਲਾ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੋ ਗਿਆ ਹੈ।
ਸੀਪੀਆਈਐੱਮ ਆਗੂ ਸੇਠੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਪਹਿਲਾਂ ਵੀ ਤਿੰਨ ਖੇਤੀ ਕਾਨੂੰਨਾਂ ਰਾਹੀਂ ਮੰਡੀਆਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਕਮਿਸ਼ਨ ਏਜੰਟਾਂ ਨੇ ਮਿਲ ਕੇ ਨਾਕਾਮ ਕਰ ਦਿੱਤਾ। ਹੁਣ ਫਿਰ ਵਿਚੋਲਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੂੰ ਕਣਕ ਅਤੇ ਝੋਨੇ ਦੀ ਖਰੀਦ ’ਤੇ ਮਿਲਣ ਵਾਲੇ ਘੱਟੋ-ਘੱਟ ਸਮਰਥਨ ਮੁੱਲ ਦੇ 2.5 ਫੀਸਦ ਕਮਿਸ਼ਨ ਨੂੰ ਘਟਾ ਦਿੱਤਾ ਗਿਆ ਹੈ। ਸਰ੍ਹੋਂ, ਸੂਰਜਮੁਖੀ ਅਤੇ ਹੋਰ ਫ਼ਸਲਾਂ ਦੀ ਖ਼ਰੀਦ ਸਿੱਧੀ ਏਜੰਸੀ ਨੂੰ ਸੌਂਪ ਕੇ ਕਮਿਸ਼ਨ ਏਜੰਟਾਂ ਨੂੰ ਬਾਹਰ ਕਰਕੇ ਮੰਡੀ ’ਤੇ ਫਿਰ ਹਮਲਾ ਕੀਤਾ ਗਿਆ ਹੈ। ਇੰਨਾ ਹੀ ਨਹੀਂ ਕਣਕ ਅਤੇ ਝੋਨਾ ਸਿੱਧੇ ਤੌਰ ’ਤੇ ਖਰੀਦਣ ਲਈ ਸਾਇਲੋਜ਼ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਸਾਰੇ ਕਦਮਾਂ ਕਾਰਨ ਜਦੋਂ ਕਮਿਸ਼ਨ ਏਜੰਟ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਬਚੇਗਾ ਤਾਂ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕੋਈ ਹੋਰ ਕਾਰੋਬਾਰ ਕਰਨ ਲਈ ਮਜਬੂਰ ਹੋਵੇਗਾ। ਇਸ ਦਾ ਸਿੱਧਾ ਅਸਰ ਕਿਸਾਨਾਂ ਅਤੇ ਮੰਡੀ ਮਜ਼ਦੂਰਾਂ ਦੇ ਨਾਲ-ਨਾਲ ਖਾਦਾਂ, ਬੀਜਾਂ, ਦਵਾਈਆਂ ਆਦਿ ਦਾ ਲੈਣ-ਦੇਣ ਕਰਨ ਵਾਲੇ ਦੁਕਾਨਦਾਰਾਂ ’ਤੇ ਪੈਣਾ ਯਕੀਨੀ ਹੈ।