ਸੀਪੀਐਮ ਵੱਲੋਂ ਤੇਲ ਤੇ ਬਿਜਲੀ ਕੀਮਤਾਂ ’ਚ ਵਾਧੇ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਬਨੂੜ, 11 ਸਤੰਬਰ
ਸੀਪੀਐੱਮ ਵੱਲੋਂ ਅੱਜ ਇੱਥੋਂ ਦੇ ਨਾਇਬ ਤਹਿਸੀਲਦਾਰ ਦਫ਼ਤਰ ਸਾਹਮਣੇ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਡੀਜ਼ਲ ਅਤੇ ਪੈਟਰੋਲ ਉੱਤੇ ਵੈੱਟ ਲਗਾਉਣ, ਬੱਸ ਕਿਰਾਏ ਵਧਾਉਣ ਤੇ ਬਿਜਲੀ ਦਰਾਂ ਵਿੱਚ ਤਿੰਨ ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕਰਨ ਵਿਰੁੱਧ ਕੀਤੇ ਪ੍ਰਦਰਸ਼ਨ ਵਿੱਚ ਸੀਪੀਐਮ ਦੇ ਕਾਰਕੁਨ ਲਾਲ ਝੰਡੇ ਲੈ ਕੇ ਸ਼ਾਮਲ ਹੋਏ। ਇਸ ਮੌਕੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੀਪੀਐੱਮ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਜਾਗੀਰ ਸਿੰਘ ਹੰਸਾਲਾ, ਪ੍ਰੇਮ ਸਿੰਘ ਘੜਾਮਾਂ, ਸਤਪਾਲ ਸਿੰਘ ਰਾਜੋਮਾਜਰਾ ਆਦਿ ਨੇ ਆਖਿਆ ਕਿ ਪੰਜਾਬ ਸਰਕਾਰ ਬੇਲੋੜੇ ਖ਼ਰਚਿਆਂ ਦਾ ਬੋਝ ਪੰਜਾਬੀਆਂ ’ਤੇ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦਰਾਂ ਅਤੇ ਤੇਲ ਕੀਮਤਾਂ ਦੇ ਵਾਧੇ ਨਾਲ ਮਹਿੰਗਾਈ ਵਿੱਚ ਹੋਰ ਵਾਧਾ ਹੋਵੇਗਾ। ਉਨ੍ਹਾਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਲੈਣ ਲਈ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਨਾਇਬ ਤਹਿਸੀਲਦਾਰ ਨੂੰ ਸੌਂਪਿਆ।
ਇਸ ਮੌਕੇ ਹਰਦੀਪ ਸਿੰਘ ਬੂਟਾਸਿੰਘ ਵਾਲਾ, ਦੀਦਾਰ ਸਿੰਘ, ਸੁਖਬੀਰ ਸਿੰਘ, ਹਰੀ ਚੰਦ, ਪਿਆਰਾ ਸਿੰਘ, ਕਰਤਾਰ ਸਿੰਘ ਨੰਡਿਆਲੀ, ਪ੍ਰੀਤਮ ਸਿੰਘ, ਸਲੀਮ ਮੁਹੰਮਦ, ਹਰੀ ਸਿੰਘ ਫ਼ੌਜੀ ਆਦਿ ਵੀ ਹਾਜ਼ਰ ਸਨ।