ਸੀਪੀਆਈ ਵੱਲੋਂ 100ਵੀਂ ਵਰ੍ਹੇਗੰਢ ਇਨਕਲਾਬੀ ਜੋਸ਼ ਨਾਲ ਮਨਾਉਣ ਦਾ ਫ਼ੈਸਲਾ
ਪੱਤਰ ਪ੍ਰੇਰਕ
ਮਾਨਸਾ, 2 ਨਵੰਬਰ
ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਇਹ ਕਮਿਊਨਿਸਟਾਂ ਲਈ ਮਾਣ ਵਾਲੀ ਗੱਲ ਹੈ ਕਿ ਪਾਰਟੀ ਦੀ ਉਮਰ 100 ਸਾਲ ਹੋ ਚੁੱਕੀ ਹੈ ਅਤੇ ਆਪਣੇ 100 ਸਾਲ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਪਾਰਟੀ ਨੇ ਲੋਕਾਂ ਲਈ ਅਨੇਕਾਂ ਇਤਿਹਾਸਕ ਘੋਲ ਲੜੇ ਤੇ ਬੇਹੱਦ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ 100ਵੀਂ ਵਰ੍ਹੇਗੰਢ 26 ਦਸੰਬਰ 2024 ਤੋਂ 26 ਦਸੰਬਰ 2025 ਤੱਕ ਲਗਾਤਾਰ ਰੈਲੀਆਂ, ਵਿਚਾਰ ਗੋਸ਼ਟੀਆਂ, ਸੈਮੀਨਾਰ ਤੇ ਸਮਾਗਮ ਕਰ ਕੇ ਪੂਰਾ ਸਾਲ ਮਨਾਈ ਜਾਵੇਗੀ। ਉਹ ਅੱਜ ਸੀਪੀਆਈ ਦੀ 100ਵੀਂ ਵਰ੍ਹੇਗੰਢ ਸਬੰਧੀ ਜ਼ਿਲ੍ਹਾ ਕੌਸਲ ਮਾਨਸਾ ਦੀ ਜਰਨਲ ਬਾਡੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਝੋਨੇ ਦੀ ਲਿਫਟਿੰਗ ਵਿੱਚ ਹੋ ਰਹੀ ਦੇਰ ਕੇਂਦਰ ਦੀ ਮੋਦੀ ਹਕੂਮਤ ਦੀ ਸਾਜਿਸ਼ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਨਾਲਾਇਕੀ ਦਾ ਸਿੱਟਾ ਹੈ, ਜਿਸ ਦਾ ਖਮਿਆਜ਼ਾ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਏਪੀ ਖਾਦ ਦੀ ਕਾਲਾਬਾਜ਼ਾਰੀ ਕਾਰਨ ਕਣਕ ਦੀ ਬਿਜਾਈ ਵੀ ਪਛੜ ਰਹੀ ਹੈ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ 30 ਦਸੰਬਰ ਦੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਰੈਲੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਮੂਲੀਅਤ ਕਰਨਗੇ।