For the best experience, open
https://m.punjabitribuneonline.com
on your mobile browser.
Advertisement

ਸੀਪੀਆਈ(ਐਮ) ਨੇ ਜਲੰਧਰ ਤੋਂ ਪਰਸ਼ੋਤਮ ਬਿਲਗਾ ਨੂੰ ਉਮੀਦਵਾਰ ਐਲਾਨਿਆ

09:02 AM Mar 18, 2024 IST
ਸੀਪੀਆਈ ਐਮ  ਨੇ ਜਲੰਧਰ ਤੋਂ ਪਰਸ਼ੋਤਮ ਬਿਲਗਾ ਨੂੰ ਉਮੀਦਵਾਰ ਐਲਾਨਿਆ
Advertisement

ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਮਾਰਚ
ਸੀਪੀਆਈ (ਐਮ) ਨੇ ਜਲੰਧਰ ਲੋਕ ਸਭਾ ਹਲਕੇ ਤੋਂ ਪਰਸ਼ੋਤਮ ਲਾਲ ਬਿਲਗਾ ਨੂੰ ਉਮੀਦਵਾਰ ਐਲਾਨਿਆ ਹੈ। ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸੀਪੀਆਈ (ਐਮ) ਜਲੰਧਰ ਅਤੇ ਸ੍ਰੀ ਆਨੰਦਪੁਰ ਸਾਹਿਬ ਦੀਆਂ ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ। ਇਹ ਫ਼ੈਸਲਾ ਪਾਰਟੀ ਦੀ ਸਥਾਨਕ ਭਾਈ ਰਤਨ ਸਿੰਘ ਯਾਦਗਾਰੀ ਬਿਲਡਿੰਗ ਵਿੱਚ ਹੋਈ ਮੀਟਿੰਗ ’ਚ ਕੀਤਾ ਗਿਆ। ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਪਰਸ਼ੋਤਮ ਲਾਲ ਬਿਲਗਾ ਹੋਣਗੇ। ਕਾਮਰੇਡ ਸੇਖੋਂ ਨੇ ਕਿਹਾ ਕਿ ਜਲੰਧਰ ਸੀਟ ਦੀ ਚੋਣ ਮੁਹਿੰਮ ਨੂੰ ਯੋਜਨਾਬੱਧ ਢੰਗ ਨਾਲ ਚਲਾਉਣ ਲਈ ਅਗਲੇ ਮਹੀਨੇ ਹਲਕਿਆਂ ਦੇ ਮੁਤਾਬਕ ਡਿਊਟੀਆਂ ਲਗਾ ਦਿੱਤੀਆਂ ਜਾਣਗੀਆਂ।
ਇਸ ਮੌਕੇ ’ਤੇ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਚੋਣ ਬਾਂਡ ਦੇ ਸਬੰਧ ’ਚ ਹੋਏ ਖ਼ੁਲਾਸੇ ਤੋਂ ਸਪਸ਼ਟ ਹੋ ਗਿਆ ਹੈ ਕਿ ਭਾਜਪਾ ਤੇ ਆਰਐੱਸਐਸ ਦਾ ਮਕਸਦ ਚੰਦਾ ਦੇਣ ਵਾਲੇ ਪੂੰਜੀਪਤੀਆਂ ਤੇ ਅਮੀਰਾਂ ਦੇ ਹਿੱਤਾਂ ਦੀ ਰਖਵਾਲੀ ਕਰਨਾ ਹੈ। ਭਾਜਪਾ ਦੇਸ਼ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਫ਼ਿਰਕੂ ਸਿਆਸਤ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਹਿਮਾਚਲ ਪ੍ਰਦੇਸ਼ ਸਣੇ ਹੋਰਨਾਂ ਸੂਬਿਆਂ ਵਿੱਚ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਤੇ ਆਗੂਆਂ ਨੂੰ ਜਬਰੀ ਜਾਂ ਲਾਲਚ ਦੇ ਕੇ ਆਪਣੇ ਨਾਲ ਜੋੜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਲਿਤ, ਘੱਟ ਗਿਣਤੀਆਂ ਅਤੇ ਕਿਸਾਨ ਵਿਰੋਧੀ ਹੋਣ ਦੇ ਨਾਲ ਨਾਲ ਤਾਨਾਸ਼ਾਹੀ ਰਵੱਈਏ ਵਾਲੀ ਪਾਰਟੀ ਹੈ। ਇਨ੍ਹਾਂ ਹਾਲਤਾਂ ਵਿੱਚ ਸੀਪੀਆਈ (ਐਮ) ਦਾ ਪੰਜਾਬ ਦੇ ਸੰਦਰਭ ਵਿੱਚ ਯਤਨ ਹੋਵੇਗਾ ਕਿ ਸਾਰੀਆਂ ਧਰਮ ਨਿਰਪੱਖ, ਜਮਹੂਰੀ, ਦੇਸ਼ ਭਗਤ ਤਾਕਤਾਂ ਨੂੰ ਇਕੱਠਾ ਕਰ ਕੇ ਭਾਜਪਾ ਸਣੇ ਹਰ ਤਰ੍ਹਾਂ ਦੀਆਂ ਫ਼ਿਰਕੂ ਪਾਰਟੀਆਂ ਨੂੰ ਮਾਤ ਦਿੱਤੀ ਜਾਵੇ।
ਕਾਮਰੇਡ ਸੇਖੋਂ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਦਿਨ-ਬ-ਦਿਨ ਨਿੱਘਰਦੀ ਜਾ ਰਹੀ ਹੈ। ਅਮਨ ਕਾਨੂੰਨ ਅਤੇ ਨਸ਼ਿਆਂ ਦੇ ਮਾਮਲੇ ਵਿੱਚ ਸਥਿਤੀ ਚਿੰਤਾਜਨਕ ਹੈ ਪਰ ਸਰਕਾਰ ਇਸ ਪਾਸੇ ਬਿਲਕੁਲ ਵੀ ਗੰਭੀਰ ਨਹੀਂ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਖਟਕੜ ਕਲਾਂ ਵਿਖੇ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਸਬੰਧੀ ਪੰਜਾਬ ਪੱਧਰ ਦੀ ਮੀਟਿੰਗ 22 ਮਾਰਚ ਨੂੰ ਲੁਧਿਆਣਾ ਪਾਰਟੀ ਦਫ਼ਤਰ ਵਿਖੇ ਹੋਵੇਗੀ।

Advertisement

Advertisement
Author Image

Advertisement
Advertisement
×