CPI(M) aiming to recover Bengal base, unite 'Left and democratic forces' against TMC, BJP: Karat: ਪੱਛਮੀ ਬੰਗਾਲ ’ਚ ਆਧਾਰ ਮੁੜ ਹਾਸਲ ਕਰਨਾ ਚਾਹੁੰਦੀ ਹੈ ਸੀਪੀਐੱਮ: ਕਰਾਤ
ਨਵੀਂ ਦਿੱਲੀ, 15 ਮਾਰਚ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੀਨੀਅਰ ਆਗੂ ਪ੍ਰਕਾਸ਼ ਕਰਾਤ ਨੇ ਕਿਹਾ ਕਿ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦਾ ਗਠਨ ਲੋਕ ਸਭਾ ਚੋਣਾਂ ਲਈ ਕੀਤਾ ਗਿਆ ਸੀ, ਨਾ ਕਿ ਸੂਬਾਈ ਚੋਣਾਂ ਲਈ। ਉਨ੍ਹਾਂ ਧਰਮ ਨਿਰਪੱਖ ਵਿਰੋਧੀ ਪਾਰਟੀਆਂ ਨੂੰ ਵਿਸ਼ਾਲ ਮੰਚ ਬਣਾਉਣ ਦਾ ਸੱਦਾ ਦਿੱਤਾ।
ਪਾਰਟੀ ਆਗੂ ਪ੍ਰਕਾਸ਼ ਕਰਾਤ ਨੇ ਕਿਹਾ ਕਿ ਸੀਪੀਐੱਮ ਪੱਛਮੀ ਬੰਗਾਲ ਵਿੱਚ ਆਪਣਾ ਆਧਾਰ ਮੁੜ ਹਾਸਲ ਕਰਨਾ ਚਾਹੁੰਦੀ ਹੈ ਅਤੇ ਉਹ ਟੀਐੱਮਸੀ ਅਤੇ ਭਾਜਪਾ ਦੋਵਾਂ ਖ਼ਿਲਾਫ਼ ਖੱਬੇ-ਪੱਖੀ ਤੇ ਜਮਹੂਰੀ ਤਾਕਤਾਂ ਨੂੰ ਨਾਲ ਲਿਆਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਇਸ ਗੱਲ ’ਤੇ ਹਾਲੇ ਤੱਕ ਚਰਚਾ ਨਹੀਂ ਹੋਈ ਕਿ ਖੱਬਾ ਮੋਰਚਾ ਅਤੇ ਕਾਂਗਰਸ 2026 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਗੱਠਜੋੜ ਬਣਾ ਕੇ ਲੜਨਗੀਆਂ ਜਾਂ ਨਹੀਂ।
ਕਰਾਤ ਨੇ ਕਿਹਾ ਕਿ ਗੱਠਜੋੜ ਨੂੰ ਵਿਆਪਕ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਸਿਰਫ਼ ਚੋਣ ਰਾਜਨੀਤੀ ਤੋਂ ਪ੍ਰਭਾਵਿਤ ਨਾ ਹੋਵੇ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦਾ ਮੁਕਾਬਲਾ ਕਰਨ ਲਈ ‘ਇੰਡੀਆ’ ਗੱਠਜੋੜ ਬਣਾਇਆ ਗਿਆ ਸੀ।
ਸੀਪੀਐੱਮ ਦੇ ਅੰਤ੍ਰਿਮ ਕੋਆਰਡੀਨੇਟਰ ਕਰਾਤ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਦੱਸਿਆ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਕੌਮੀ ਪੱਧਰ ’ਤੇ ਗੱਠਜੋੜ ਬਾਰੇ ਕੋਈ ਚਰਚਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਦੇ ਸੂਬਿਆਂ ਵਿੱਚ ਆਪੋ-ਆਪਣੇ ਸਮੀਕਰਨ ਹਨ। ਕਰਾਤ ਨੇ ਕਿਹਾ, ‘‘ਇਹ ਸੱਚ ਹੈ ਕਿ ‘ਇੰਡੀਆ’ ਗੱਠਜੋੜ ਦੇ ਗਠਨ ਅਤੇ ਸਾਰਿਆਂ ਵਿੱਚ ਨਹੀਂ ਤਾਂ ਕੁੱਝ ਸੂਬਿਆਂ ਵਿੱਚ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਦਰਮਿਆਨ ਸਹਿਯੋਗ ਕਾਰਨ ਨਿਸ਼ਚਤ ਤੌਰ ’ਤੇ ਭਾਜਪਾ ਨੂੰ ਲੋਕ ਸਭਾ ਵਿੱਚ ਆਪਣਾ ਬਹੁਮਤ ਗੁਆਉਣ ਪਿਆ...।’’
ਉਨ੍ਹਾਂ ਕਿਹਾ, ‘‘ਇਸ ਤੋਂ ਬਾਅਦ, ਵਿਧਾਨ ਸਭਾ ਚੋਣਾਂ ਹੋਈਆਂ ਅਤੇ ਮੈਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਲਈ ਸਭ ਤੋਂ ਵੱਡਾ ਝਟਕਾ ਮਹਾਰਾਸ਼ਟਰ ਵਿੱਚ ਲੱਗਾ, ਜਿੱਥੇ ਮਹਾਂ ਵਿਕਾਸ ਅਘਾੜੀ (MVA) ਨੇ ਲੋਕ ਸਭਾ ਚੋਣਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਗੱਠਜੋੜ ਘੱਟ ਗਿਣਤੀ ਵਿੱਚ ਰਹਿ ਗਈ। ਪਰ ਵਿਧਾਨ ਸਭਾ ਚੋਣਾਂ ਵਿੱਚ ਇਸ ਤੋਂ ਉਲਟ ਹੋਇਆ।’’ ਸੀਨੀਅਰ ਸੀਪੀਆਈ(ਐੱਮ) ਆਗੂ ਨੇ ਕਿਹਾ ਕਿ ਉਹ ਕਿਸੇ ਵੀ ਨਤੀਜੇ ’ਤੇ ਨਹੀਂ ਪਹੁੰਚ ਸਕੇ ਹਨ ਕਿਉਂਕਿ ਵਿਰੋਧੀ ਗੱਠਜੋੜ ਨੇ ਝਾਰਖੰਡ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਕਰਾਤ ਨੇ ਕਿਹਾ, ‘‘ਅਸੀਂ ਅਜੇ ਤੱਕ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕੇ ਹਾਂ ਕਿਉਂਕਿ ਸੂਬਿਆਂ ਵਿੱਚ ਸਥਿਤੀ ਕਾਫ਼ੀ ਹੱਦ ਤੱਕ ਵੱਖੋ-ਵੱਖਰੀ ਹੈ।’’
ਉਨ੍ਹਾਂ ਕਿਹਾ, ‘‘ਇਨ੍ਹਾਂ ਵਿਧਾਨ ਸਭਾ ਚੋਣਾਂ ਮਗਰੋਂ ਆਮ ਧਾਰਨਾ ਇਹ ਹੈ ਕਿ ਭਾਜਪਾ ਨੇ ਇਨ੍ਹਾਂ ਚੋਣਾਂ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਪਰ ਮੇਰਾ ਮੰਨਣਾ ਹੈ ਕਿ ਇਸਨੂੰ ਸਿੱਧੇ ਤੌਰ ’ਤੇ ‘ਇੰਡੀਆ’ ਗੱਠਜੋੜ ਦੀ ਕਿਸਮਤ ਨਾਲ ਨਹੀਂ ਜੋੜਨਾ ਚਾਹੀਦਾ ਕਿਉਂਕਿ ਇਹ ਮੁੱਖ ਤੌਰ ’ਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਮੁਕਾਬਲਾ ਕਰਨ ਲਈ ਬਣਾਇਆ ਗਿਆ ਸੀ।’’
ਖੱਬੇ-ਪੱਖੀ ਆਗੂ ਨੇ ਕਿਹਾ ਕਿ ਇਸ ਗੱਲ ’ਤੇ ਕੋਈ ਚਰਚਾ ਨਹੀਂ ਹੋਈ ਕਿ ਲੋਕ ਸਭਾ ਚੋਣਾਂ ਮਗਰੋਂ ਗੱਠਜੋੜ ਅੱਗੇ ਕਿਵੇਂ ਵਧੇਗਾ। ਉਨ੍ਹਾਂ ਕਿਹਾ ਕਿ ਇੱਕ ਵਿਸ਼ਾਲ ਵਿਰੋਧੀ ਮੰਚ ਜਾਂ ਧਰਮ ਨਿਰਪੱਖ ਵਿਰੋਧੀ ਪਾਰਟੀਆਂ ਦਰਮਿਆਨ ਏਕਤਾ ਦੀ ਲੋੜ ਹੈ।
ਉਨ੍ਹਾਂ ਕਿਹਾ, ‘‘ਇਸ ਲਈ, ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਇੱਕ ਵਿਸ਼ਾਲ ਵਿਰੋਧੀ ਏਕਤਾ ਜਾਂ ਮੰਚ ਨਾਲ ਕਿਵੇਂ ਅੱਗੇ ਵਧੋਗੇ, ਇਸ ’ਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚਰਚਾ ਕਰਨੀ ਚਾਹੀਦੀ ਹੈ ਅਤੇ ਫਿਰ ਇਸਨੂੰ ਕੋਈ ਆਕਾਰ ਦੇਣਾ ਚਾਹੀਦਾ ਹੈ।” ਕਰਾਤ ਨੇ ਕਿਹਾ ਕਿ ਬਿਹਾਰ ਅਤੇ ਤਾਮਿਲ ਨਾਡੂ ਵਰਗੇ ਸੂਬਿਆਂ ਵਿੱਚ ਪਹਿਲਾਂ ਹੀ ਗੱਠਜੋੜ ਹੋ ਚੁੱਕਿਆ ਹੈ। ਇਸ ਦੇ ਉਲਟ ਪੱਛਮੀ ਬੰਗਾਲ ਵਿੱਚ ਸੀਪੀਐੱਮ ਤੋਂ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨਾਲ ਆਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨਾਲ ਹੱਥ ਮਿਲਾਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ। -ਪੀਟੀਆਈ