ਸੀਪੀਆਈ ਵੱਲੋਂ ਇਜ਼ਰਾਈਲ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 7 ਅਕਤੂਬਰ
ਸੀਪੀਆਈ (ਐਮ) ਤੇ ਸੀਪੀਆਈ ਵੱਲੋਂ ਸਥਾਨਕ ਸ਼ਹੀਦ ਚੰਨਣ ਸਿੰਘ ਧੂਤ ਭਵਨ ਵਿੱਚ ਜ਼ਿਲ੍ਹਾ ਸਕੱਤਰ ਗੁਰਨੇਕ ਸਿੰਘ ਭੱਜਲ ਤੇ ਅਮਰਜੀਤ ਸਿੰਘ ਦੀ ਅਗਵਾਈ ਹੇਠ ਇਕੱਠ ਕੀਤਾ ਗਿਆ। ਇਸ ਉਪਰੰਤ ਪਾਰਟੀ ਵਰਕਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਅਰਥੀ ਚੁੱਕ ਕੇ ਨਾਅਰੇਬਾਜ਼ੀ ਕਰਦੇ ਹੋਏ ਅੰਬੇਡਕਰ ਚੌਕ ਪੁੱਜੇ ਜਿੱਥੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਤੇ ਫਲਸਤੀਨੀ ਲੋਕਾਂ ਨਾਲ ਇਕਮੁੱਠਤਾ ਪ੍ਰਗਟਾਈ। ਇਸ ਮੌਕੇ ਮਹਿੰਦਰ ਕੁਮਾਰ ਬਢੋਆਣ ਤੇ ਗੁਰਮੇਸ਼ ਸਿੰਘ ਨੇ ਇਜ਼ਰਾਈਲ ਵੱਲੋਂ ਫਲਸਤੀਨੀਆਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਕਤਲੇਆਮ ਤੁਰੰਤ ਬੰਦ ਹੋਣਾ ਚਾਹੀਦਾ ਹੈ। ਇਸ ਮੌਕੇ ਸੀਪੀਆਈ (ਐਮ) ਦੇ ਸੰਤੋਖ ਸਿੰਘ ਭੀਲੋਵਾਲ, ਮਹਿੰਦਰ ਸਿੰਘ ਭੀਲੋਵਾਲ, ਚੌਧਰੀ ਅੱਛਰ ਸਿੰਘ, ਜਸਪ੍ਰੀਤ ਸਿੰਘ ਭੱਜਲ, ਇੰਦਰਪਾਲ ਸਿੰਘ, ਕ੍ਰਿਸ਼ਨਾ ਦੇਵੀ ਆਦਿ ਹਾਜ਼ਰ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਸੀਪੀਆਈ ਤੇ ਸੀਪੀਆਈ ਐਮ ਦੇ ਸੱਦੇ ’ਤੇ ਅੱਜ ਫਲਸਤੀਨ ਦੇ ਹੱਕ ਅਤੇ ਇਜ਼ਰਾਈਲ ਦੀ ਧੱਕੇਸ਼ਾਹੀ ਖ਼ਿਲਾਫ਼ ਅੱਜ ਇਲਾਕੇ ਦੇ ਪਿੰਡ ਸਰਹਾਲੀ ਕਲਾਂ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੀਪੀਆਈ ਦੇ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਪਾਰਟੀ ਦੀ ਸੂਬਾ ਆਗੂ ਦੇਵੀ ਕੁਮਾਰੀ ਨੇ ਕਿਹਾ ਕਿ ਇਜ਼ਰਾਈਲ, ਫਲਸਤੀਨੀ ਕੌਮ ਨੂੰ ਖ਼ਤਮ ਕਰਨ ਦੇ ਰਾਹ ਤੁਰਿਆ ਹੈ। ਆਗੂਆਂ ਭਾਰਤ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਸਤੇ ਸੰਸਦ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਪਾਸ ਕੀਤੇ ਜਾਣ ਦੀ ਵੀ ਮੰਗ ਕੀਤੀ| ਇਸ ਮੌਕੇ ਪਾਰਟੀ ਆਗੂ ਬਲਵਿੰਦਰ ਸਿੰਘ ਦਦੇਹਰ ਸਾਹਿਬ, ਗੌਰਵਜੀਤ ਸਿੰਘ, ਹਰਦੇਵ ਸਿੰਘ, ਬੱਗਾ ਸਿੰਘ, ਵਿੱਕੀ, ਹੈਪੀ, ਕੁਲਦੀਪ ਸਿੰਘ, ਸੁਖਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ|