ਸੀਪੀਆਈ ਐੱਮਐੱਲ ਲਿਬਰੇਸ਼ਨ ਵੱਲੋਂ ‘ਰਾਜ ਬਦਲੋ ਸਮਾਜ ਬਦਲੋ’ ਸਮਾਰੋਹ
ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਸਤੰਬਰ
ਇੱਥੇ ਸੀਪੀਆਈ ਐੱਮਐੱਲ ਲਿਬਰੇਸ਼ਨ ਵੱਲੋਂ ਦਾਣਾ ਮੰਡੀ ਵਿੱਚ ‘ਰਾਜ ਬਦਲੋ ਅਤੇ ਸਮਾਜ ਬਦਲੋ’ ਕਾਨਫਰੰਸ ਪੱਪੂ ਸਿੰਘ ਖੋਖਰ, ਭੋਲਾ ਸਿੰਘ ਲਹਿਰਾ, ਹਰਪ੍ਰੀਤ ਕੌਰ ਰੋੜੇਵਾਲਾ, ਕਿਰਨ ਕੌਰ ਭੁਟਾਲ ਤੇ ਨਿਰਮਲ ਸਿੰਘ ਭੁਟਾਲ ਦੀ ਪ੍ਰਧਾਨਗੀ ਹੇਠ ਕਰਵਾਈ ਗਈ।
ਇਸ ਵਿੱਚ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਨੌਜਵਾਨ ਆਗੂ ਸੇਬੀ ਸਿੰਘ ਖੰਡੇਬਾਦ ਨੇ ਨਿਭਾਈ। ਇਸ ਮੌਕੇ ਲਿਬਰੇਸ਼ਨ ਦੇ ਸੂਬਾ ਆਗੂ ਜਸਵੀਰ ਕੌਰ ਨੱਤ, ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਬਲਬੀਰ ਸਿੰਘ ਜਲੂਰ, ਬਿੱਟੂ ਸਿੰਘ ਖੋਖਰ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਤੱਕ ਮਜ਼ਦੂਰਾਂ ਲਈ ਪੱਕੇ ਤੌਰ ’ਤੇ ਰੁਜ਼ਗਾਰ ਦੇ ਸਾਧਨ ਪੈਦਾ ਕਰਨ ’ਚ ਅਸਫਲ ਸਾਬਤ ਹੋਈ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਮਨਰੇਗਾ ਕਾਨੂੰਨ ਨੂੰ ਅਮਲੀ ਰੂਪ ਵਿੱਚ ਲਾਗੂ ਨਾ ਕਰਨ ਦੇ ਦੋਸ਼ ਲਗਾਏ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਲਈ ਪੱਕਾ ਰੁਜ਼ਗਾਰ ਗਾਰੰਟੀ ਕਾਨੂੰਨ ਨੂੰ ਪਾਸ ਕਰਨ ਲਈ ਮਜ਼ਦੂਰ ਜਮਾਤ ਨੂੰ ਸਿਆਸੀ ਤੌਰ ’ਤੇ ਜਾਗਰੂਕ ਹੋਣਾ ਜ਼ਰੂਰੀ ਹੈ।
ਇਸ ਮੌਕੇ ਘੁਮੰਡ ਸਿੰਘ ਉਗਰਾਹਾਂ, ਅੰਮ੍ਰਿਤ ਪਾਲ ਲੇਹਲ, ਸੰਦੀਪ ਸਿੰਘ ਖਡੇਬਾਦ, ਰਾਮਫਲ ਸਿੰਘ ਬਸਹੈਰਾ, ਭੋਲਾ ਸਿੰਘ ਨੰਗਲਾ, ਜੀਤ ਸਿੰਘ ਗਾਗਾ ਆਦਿ ਆਗੂ ਸ਼ਾਮਲ ਸਨ।