ਸੀਪੀਆਈ ਵੱਲੋਂ ‘ਆਪ’ ਦੀ ਨਿੰਦਾ
ਪੱਤਰ ਪ੍ਰੇਰਕ
ਮਾਨਸਾ, 29 ਜੂਨ
ਸੀਪੀਆਈ (ਐੱਮਐੱਲ) ਲਿਬਰੇਸ਼ਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਸਾਂਝੇ ਸਿਵਲ ਕੋਡ ਲਾਗੂ ਕਰਨ ਬਾਰੇ ਦਿੱਤੇ ਬਿਆਨ ਦਾ ਮਨੋਰਥ ਕਾਨੂੰਨ ਵਿਚ ਸਮਾਨਤਾ ਲਿਆਉਣਾ ਨਾ ਹੋ ਕੇ ਆ ਰਹੀਆਂ ਲੋਕ ਸਭਾ ‘ਚ ਸੰਘ-ਬੀਜੇਪੀ ਦੇ ਸਿਆਸੀ ਲਾਹੇ ਲਈ ਦੇਸ਼ ਵਿਚ ਫਿਰਕੂ ਧਰੁਵੀਕਰਨ ਨੂੰ ਤਿੱਖਾ ਕਰਨਾ ਹੈ। ਕਾਮਰੇਡ ਗੋਬਿੰਦ ਸਿੰਘ ਛਾਜਲੀ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਭਵਨ ਵਿੱਚ ਹੋਈ ਪਾਰਟੀ ਦੀ ਸੂਬਾ ਸਟੈਂਡਿੰਗ ਕਮੇਟੀ ਦੀ ਮੀਟਿੰਗ ‘ਚ ਪਾਰਟੀ ਦੇ ਕੇਂਦਰੀ ਇੰਚਾਰਜ ਕਾਮਰੇਡ ਪਰਸ਼ੋਤਮ ਸ਼ਰਮਾ, ਰਾਜਵਿੰਦਰ ਸਿੰਘ ਰਾਣਾ, ਰੁਲਦੂ ਸਿੰਘ ਮਾਨਸਾ, ਸੁਖਦਰਸ਼ਨ ਸਿੰਘ ਨੱਤ,ਗੁਲਜ਼ਾਰ ਸਿੰਘ ਭੁੰਬਲੀ, ਗੁਰਪ੍ਰੀਤ ਸਿੰਘ ਰੂੜੇਕੇ ਅਤੇ ਜਸਬੀਰ ਕੌਰ ਨੱਤ ਸ਼ਾਮਲ ਸਨ। ਸੂਬਾ ਸਕੱਤਰ ਕਾਮਰੇਡ ਬਖ਼ਤਪੁਰ ਨੇ ਕਿਹਾ ਕਿ ਅਮਰੀਕਾ ਵਿੱਚ ਪ੍ਰੈੱਸ ਕਾਨਫਰੰਸ ਵਿਚ ਪੁੱਛੇ ਗਏ ਪ੍ਰਸ਼ਨ ਕਿ ਭਾਰਤ ਵਿਚ ਘੱਟਗਿਣਤੀਆਂ ਨਾਲ ਹੋ ਰਹੇ ਵਿਤਕਰੇ ਦੀ ਰੋਕਥਾਮ ਲਈ ਉਨ੍ਹਾਂ ਦੀ ਸਰਕਾਰ ਕੀ ਕਦਮ ਚੁੱਕ ਰਹੀ ਹੈ, ਦੇ ਜਵਾਬ ਵਿਚ ਪ੍ਰਧਾਨ ਮੰਤਰੀ ਮੋਦੀ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ’ ਦੀ ਮੁਹਾਰਨੀ ਸੁਣਾ ਕੇ ਆਏ ਹਨ, ਪਰ ਦੇਸ਼ ਵਾਪਸ ਆਉਂਦਿਆਂ ਹੀ ਉਹ ਮੁੜ ਘੱਟਗਿਣਤੀਆਂ ਖ਼ਿਲਾਫ਼ ਆਪਣੇ ਅਸਲੀ ਰੰਗ ਵਿਚ ਸਾਹਮਣੇ ਆ ਗਏ। ਉਨ੍ਹਾਂ ਸਾਂਝੇ ਸਿਵਲ ਕੋਡ ਦੇ ਮੁੱਦੇ ‘ਤੇ ‘ਆਪ’ ਵਲੋਂ ਲਏ ਸਟੈਂਡ ਦੀ ਵੀ ਸਖ਼ਤ ਆਲੋਚਨਾ ਕੀਤੀ।