ਸੀਪੀਆਈ ਨੇ ਫਰੀਦਕੋਟ ਤੋਂ ਗੁਰਚਰਨ ਮਾਨ ਨੂੰ ਉਮੀਦਵਾਰ ਐਲਾਨਿਆ
ਜਸਵੰਤ ਜੱਸ
ਫਰੀਦਕੋਟ, 23 ਅਪਰੈਲ
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਕੌਂਸਲ ਫਰੀਦਕੋਟ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਸੇਵਾ ਮੁਕਤ ਲੈਕਚਰਾਰ ਗੁਰਚਰਨ ਸਿੰਘ ਮਾਨ ਨੂੰ ਸੀ.ਪੀ.ਆਈ ਦਾ ਉਮੀਦਵਾਰ ਐਲਾਨਿਆ ਗਿਆ ਹੈ। ਇਸ ਸਬੰਧੀ ਮੀਟਿੰਗ ਦੌਰਾਨ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਲੋਕਤੰਤਰ ਅਤੇ ਤਾਨਾਸ਼ਾਹੀ ਵਿਚਕਾਰ ਪਿਛਲੇ ਸਮੇਂ ਤੋਂ ਚੱਲ ਰਹੀ ਵਿਚਾਰਧਾਰਕ ਜੰਗ ਦਾ ਸਿਖਰ ਹਨ ਜਿਸ ਨੇ ਦੇਸ਼ ਦਾ ਭਵਿੱਖ ਤੈਅ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕਮਿਊਨਿਸਟ ਪਾਰਟੀ ਆਪਣੀ 98 ਸਾਲ ਪਹਿਲਾਂ ਹੋਈ ਸਥਾਪਨਾ ਤੋਂ ਲੈ ਕੇ ਲਗਾਤਾਰ ਦੇਸ਼ ਦੀ ਬਹੁਗਿਣਤੀ ਵਸੋਂ ਖਾਸ ਕਰਕੇ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਸੰਸਦ ਦੇ ਅੰਦਰ ਅਤੇ ਬਾਹਰ ਸੰਘਰਸ਼ ਕਰਦੀ ਆ ਰਹੀ ਹੈ। ਇਹ ਚੋਣਾਂ ਵੀ ਸਾਡੇ ਲੋਕ ਸੰਘਰਸ਼ਾਂ ਦਾ ਹੀ ਹਿੱਸਾ ਹਨ। ਹਰਦੇਵ ਅਰਸ਼ੀ ਨੇ ਦੱਸਿਆ ਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਸੀ.ਪੀ.ਆਈ ਨੇ ਗੁਰਚਰਨ ਸਿੰਘ ਮਾਨ ਨੂੰ ਸੀ.ਪੀ.ਆਈ ਦਾ ਉਮੀਦਵਾਰ ਐਲਾਨਿਆ ਹੈ, ਜਿਨ੍ਹਾ ਅਧਿਆਪਕ ਹੁੰਦਿਆਂ ਜਿੱਥੇ ਆਪਣੀ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ, ਉੱਥੇ ਹਮੇਸ਼ਾ ਮੁਲਾਜ਼ਮਾਂ ਤੇ ਮਜ਼ਦੂਰ ਸੰਘਰਸ਼ਾਂ ਵਿੱਚ ਅਗਾਂਹਵਧੂ ਜ਼ਿੰਮੇਵਾਰੀ ਨਿਭਾਈ ਹੈ। ਪਾਰਟੀ ਆਗੂ ਅਸ਼ੋਕ ਕੌਸ਼ਲ, ਸੁਖਜਿੰਦਰ ਸਿੰਘ ਤੂੰਬੜਭੰਨ, ਜਗਤਾਰ ਸਿੰਘ ਭਾਣਾ, ਕਾਮਰੇਡ ਗੋਰਾ ਪਿਪਲੀ ਨੇ ਕਿਹਾ ਉਹ ਕਮਿਊਨਿਸਟ ਉਮੀਦਵਾਰ ਦੀ ਚੋਣ ਮੁਹਿੰਮ ਭਖਾਉਣ ਲਈ ਸਹਿਯੋਗ ਕਰਨਗੇ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮਿਲ ਕੇ ਪਾਰਟੀ ਦੇ ਨਾਅਰੇ ‘ਭਾਜਪਾ ਹਰਾਓ, ਦੇਸ਼ ਬਚਾਓ’ ਹੇਠ ਘਰ-ਘਰ ਜਾਣਗੇ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਮਜ਼ਦੂਰ ਮਾਰੂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ। ਇਸ ਮੌਕੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਉਮੀਦਵਾਰ ਗੁਰਚਰਨ ਸਿੰਘ ਮਾਨ ਦਾ ਹਾਰ ਪਾ ਕੇ ਸੁਆਗਤ ਵੀ ਕੀਤਾ।