ਸੀਪੀਆਈ ਅਤੇ ਸੀਪੀਐੱਮ ਵੱਲੋਂ ਇਜ਼ਰਾਈਲ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 7 ਅਕਤੂਬਰ
ਸੀਪੀਆਈ ਅਤੇ ਸੀਪੀਆਈਐੱਮ ਵੱਲੋਂ ਸਾਂਝੇ ਤੌਰ ’ਤੇ ਕਾਮਰੇਡ ਸੁਖਦੇਵ ਸ਼ਰਮਾ ਅਤੇ ਕਾਮਰੇਡ ਚਮਕੌਰ ਸਿੰਘ ਖੇੜੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਇਜ਼ਰਾਈਲ ਸਰਕਾਰ ਦੀ ਅਰਥੀ ਫ਼ੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਫਲਸਤੀਨ ਉਪਰ ਇਜ਼ਰਾਈਲ ਵਲੋਂ ਲੋਕਾਂ ਉਪਰ ਕੀਤੇ ਜਾ ਰਹੇ ਅੱਤਿਆਚਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਸੀਪੀਆਈ ਅਤੇ ਸੀਪੀਆਈ ਐੱਮ ਦੀ ਅਗਵਾਈ ਹੇਠ ਪਾਰਟੀ ਵਰਕਰ ਇਕੱਠੇ ਹੋਏ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਇਜਰਾਈਲ ਸਰਕਾਰ ਦੀ ਅਰਥੀ ਫ਼ੂਕ ਕੀਤੀ ਗਈ। ਇਸ ਮੌਕੇ ਕਾਮਰੇਡ ਸੁਖਦੇਵ ਸ਼ਰਮਾ ਅਤੇ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਫਲਸਤੀਨ ਉਪਰ ਇਜਰਾਈਲ ਜੁੰਡਲੀ ਵੱਲੋਂ ਲੋਕਾਂ ਉਪਰ ਅੱਤਿਆਚਾਰ ਕੀਤਾ ਜਾ ਰਿਹਾ ਹੈ ਅਤੇ ਇਜਰਾਈਲ ਅਤੇ ਫਲਸਤੀਨ ਜੰਗ ਵਿਚ ਫਲਸਤੀਨੀਆਂ ਦੀ ਨਸ਼ਲਕੁਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 50 ਹਜ਼ਾਰ ਦੇ ਕਰੀਬ ਫਲਸਤੀਨੀ ਲੋਕ ਮਾਰੇ ਜਾ ਚੁੱਕੇ ਹਨ ਜਿੰਨ੍ਹਾਂ ਵਿਚ 18 ਹਜ਼ਾਰ ਤੋਂ ਵੱਧ ਔਰਤਾਂ ਅਤੇ ਬੱਚੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ਰਨਾਰਥੀ ਕੈਂਪਾਂ ਅਤੇ ਹਸਪਤਾਲਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ, ਉਨ੍ਹਾਂ ਉਪਰ ਵੀ ਬੰਬ ਸੁੱਟੇ ਜਾ ਰਹੇ ਹਨ। ਰੋਸ ਮੁਜ਼ਾਹਰੇ ਦੌਰਾਨ ਵਰਕਰਾਂ ਨੇ ਮੰਗ ਕੀਤੀ ਕਿ ਅਮਰੀਕਨ ਸ਼ਹਿ ਉਪਰ ਫਲਸਤੀਨ ਉੱਪਰ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਹਮਲੇ ਤੁਰੰਤ ਬੰਦ ਕੀਤੇ ਜਾਣ। ਇਸ ਮੌਕੇ ਸੀਪੀਆਈ ਵੱਲੋਂ ਸਾਥੀ ਹਰਦੇਵ ਸਿੰਘ ਬਖਸੀਵਾਲਾ ਭਰਪੂਰ ਸਿੰਘ ਬੁੱਲਾਪੁਰ ਨਿਰਮਲ ਸਿੰਘ ਬੱਟੜਿਆਣਾ ਨਵਜੀਤ ਸਿੰਘ ਜੀਵਨ ਸਿੰਘ ਪ੍ਰਦੀਪ ਚੀਮਾ ਸਤਿੰਦਰ ਭੈਣੀ ਅਤੇ ਸੀਪੀਐਮ ਵੱਲੋਂ ਸਤਿੰਦਰ ਪਾਲ ਸਿੰਘ ਜੋਗਾ ਸਿੰਘ ਸਤਬੀਰ ਤੁੰਗਾ ਮੂਲ ਲਾਲ ਇੰਦਰਜੀਤ ਸਿੰਘ ਆਦਿ ਸਾਥੀ ਵੀ ਹਾਜ਼ਰ ਸਨ।