ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਗਊਸ਼ਾਲਾ ਦਾ ਦੌਰਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਜੂਨ
ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਸਿੰਗਲਾ ਅੱਜ ਪਿੰਡ ਹਰਰਾਏਪੁਰ ਦੀ ਗਊਸ਼ਾਲਾ ਵਿੱਚ ਪਹੁੰਚੇ ਅਤੇ ਉਨ੍ਹਾਂ ਗਊਸ਼ਾਲਾ ਦੇ ਸੰਚਾਲਕਾਂ ਨਾਲ ਗੱਲਬਾਤ ਕੀਤੀ ਅਤੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਲੋਂੜੀਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੇ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਦੋ ਗਊਆਂ ਦਾ ਪੋਸਟਮਾਰਟਮ ਕੀਤਾ ਗਿਆ ਸੀ। ਇੱਕ ਦੇ ਪੇਟ ਵਿਚੋਂ ਲਿਫਾਫੇ ਨਿਕਲੇ ਜਦ ਕਿ ਦੂਜੇ ਦੇ ਪੇਟ ਵਿੱਚੋਂ ਸਿਰਫ ਤੂੜੀ ਹੀ ਨਿਕਲੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਪਸ਼ੂਆਂ ਨੂੰ ਸਿਰਫ ਤੂੜੀ ਹੀ ਪਾਈ ਗਈ, ਤੂੜੀ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਵੀ ਪੇਟ ਵਿੱਚ ਗਲਦੀ ਨਹੀਂ। ਜਿਊਂਦੇ ਪਸ਼ੂਆਂ ਦੇ ਖ਼ੂਨ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਖੂਨ ਦੀ ਕਮੀ ਅਤੇ ਕਈ ਤਰ੍ਹਾਂ ਦੇ ਜ਼ਰੂਰੀ ਤੱਤਾਂ ਦੀ ਘਾਟ ਪਾਈ ਗਈ। ਡਾਕਟਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਬਾਅਦ ਚੇਅਰਮੈਨ ਵੱਲੋਂ ਜ਼ਿਲ੍ਹਾ ਪਰਿਸ਼ਦ ਦਫ਼ਤਰ, ਨਗਰ ਨਿਗਮ, ਬੀਡੀਪੀਓ, ਡੀਡੀਪੀਓ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਗਊਸ਼ਾਲਾ ਦੇ ਸੰਸਥਾਵਾਂ ਨਾਲ ਬੈਠਕ ਕੀਤੀ ਗਈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸੰਸਥਾਵਾਂ ਤੋਂ ਮੱਦਦ ਦਾ ਭਰੋਸਾ ਮੰਗਿਆ ਅਤੇ ਉਨ੍ਹਾਂ ਵੱਲੋਂ ਸਾਥ ਦੇਣ ਦਾ ਵਿਸ਼ਵਾਸ਼ ਦੁਆਇਆ ਗਿਆ।