ਬੰਦ ਪਈ ਫੈਕਟਰੀ ’ਚੋਂ ਗਊ ਮਾਸ ਬਰਾਮਦ
ਹਤਿੰਦਰ ਮਹਿਤਾ
ਜਲੰਧਰ, 7 ਅਗਸਤ
ਪੁਲੀਸ ਨੇ ਪਿੰਡ ਧੋਗੜੀ ਸਥਿਤ ਇਕ ਫੈਕਟਰੀ ’ਚੋਂ ਇਕ ਕੁਇੰਟਲ ਗਊ ਦੇ ਮਾਸ ਸਮੇਤ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਕੀਤੇ ਨੌਜਵਾਨਾਂ ’ਚੋਂ ਜ਼ਿਆਦਾਤਰ ਬੰਗਲਾਦੇਸ਼ ਦੇ ਰਹਿਣ ਵਾਲੇ ਹਨ। ਸ਼ਿਵ ਸੈਨਾ ਆਗੂਆਂ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਨੇਹਾ ਟੋਕਾ ਫੈਕਟਰੀ ’ਚ ਗਊਆਂ ਨੂੰ ਵੱਢਿਆ ਜਾ ਰਿਹਾ ਹੈ, ਜਦੋਂ ਉਹ ਪੁਲੀਸ ਟੀਮ ਨਾਲ ਪਹੁੰਚੇ ਤਾਂ ਗਊਆਂ ਦੇ ਮਾਸ ਨੂੰ ਟਰੱਕ ’ਚ ਭਰਿਆ ਜਾ ਰਿਹਾ ਸੀ। ਐੱਸਐੱਸਪੀ ਮੁੱਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਪੁਲੀਸ ਟੀਮ ਨੂੰ ਮਾਸ ਨਾਲ ਭਰਿਆ ਇੱਕ ਡੱਬਾ ਵੀ ਬਰਾਮਦ ਹੋਇਆ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲੀਸ ਨੇ ਮੌਕੇ ’ਤੇ 13 ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਪੁਲੀਸ ਨੇ ਡੱਬੇ ਨੂੰ ਕਬਜ਼ੇ ’ਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਇਹ ਫੈਕਟਰੀ ਕਾਫੀ ਪੁਰਾਣੀ ਹੈ ਤੇ ਬੰਦ ਪਈ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਨੌਜਵਾਨਾਂ ’ਚੋਂ ਜ਼ਿਆਦਾਤਰ ਬੰਗਲਾਦੇਸ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਇਸ ਥਾਂ ’ਤੇ ਮਾਸ ਸਿਰਫ ਪੈਕ ਹੁੰਦਾ ਸੀ ਤੇ ਇਹ ਮਾਸ ਕਿਸੇ ਹੋਰ ਥਾਂ ਤੋਂ ਲਿਆਉਂਦੇ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਤਾਹਿਦ ਅਲੀ, ਮੇਰਾਜੁਲ ਹੱਕ, ਮੁਹਮੰਦ ਜੱਫਰ ਆਲਮ, ਮਮਿਨ ਇਸਲਾਮ, ਮੁਜ਼ੱਫਰ ਇਸਲਾਮ, ਯੂਸਫ, ਆਹਿਦ ਆਲਮ, ਹਕੀਮਉੱਲ, ਹੈਪੀ ਜੁੱਲ, ਸੁਹੇਲ ਆਲਮ, ਸ਼ਾਹਿਲ ਆਲਮ, ਸੁਮੀਰ ਇਸਲਾਮ ਵਾਸੀਆਨ ਪੰਛਮੀ ਬੰਗਾਲ ਤੇ ਆਲਮਗੀਰ ਹੱਕ ਵਾਸੀ ਸਤਰੋਡ ਖੁਰਦ ਹਰਿਆਣਾ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਫੈਕਟਰੀ ’ਚੋਂ ਫਰਾਰ ਹੋਏ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।