ਕੋਵਿਡ: ਰਿਕਵਰੀ ਦਰ ਵਧ ਕੇ 64.24 ਫ਼ੀਸਦ ਹੋਈ
ਨਵੀਂ ਦਿੱਲੀ, 28 ਜੁਲਾਈ
ਭਾਰਤ ਵਿਚ ਇਕੋ ਦਨਿ ’ਚ ਕਰੋਨਾਵਾਇਰਸ ਦੇ 47,703 ਕੇਸ ਸਾਹਮਣੇ ਆਉਣ ਨਾਲ ਕੁੱਲ ਮਾਮਲੇ 14,83,156 ਹੋ ਗਏ ਹਨ। ਹੁਣ ਤੱਕ ਕੁੱਲ 9,52,743 ਜਣੇ ਵਾਇਰਸ ਤੋਂ ਉੱਭਰ ਵੀ ਚੁੱਕੇ ਹਨ। ਰਿਕਵਰੀ ਦਰ ਵਧ ਕੇ 64.24 ਫ਼ੀਸਦ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਚੌਵੀ ਘੰਟਿਆਂ ਦੌਰਾਨ 654 ਮੌਤਾਂ ਹੋਈਆਂ ਹਨ ਤੇ ਹੁਣ ਤੱਕ ਕੁੱਲ 33,425 ਮੌਤਾਂ ਹੋ ਚੁੱਕੀਆਂ ਹਨ। ਐਕਟਿਵ ਕੇਸਾਂ ਦੀ ਗਿਣਤੀ 4,96,988 ਹੈ। ਕਰੋਨਾਵਾਇਰਸ ਕਾਰਨ ਮੌਤ ਦਰ 2.25 ਫ਼ੀਸਦ ਹੈ। ਲਗਾਤਾਰ ਛੇਵੇਂ ਦਨਿ ਭਾਰਤ ਵਿਚ ਕੋਵਿਡ ਦੇ 45,000 ਤੋਂ ਵੱਧ ਕੇਸ ਸਾਹਮਣੇ ਆਏ ਹਨ। ਪਿਛਲੇ ਚੌਵੀ ਘੰਟਿਆਂ ’ਚ ਮਹਾਰਾਸ਼ਟਰ ਵਿਚ 227, ਤਾਮਿਲਨਾਡੂ ’ਚ 77, ਕਰਨਾਟਕ ਵਿਚ 75, ਆਂਧਰਾ ਪ੍ਰਦੇਸ਼ ’ਚ 49, ਪੱਛਮੀ ਬੰਗਾਲ ਵਿਚ 39, ਉੱਤਰ ਪ੍ਰਦੇਸ਼ ’ਚ 30, ਦਿੱਲੀ ਵਿਚ 26, ਗੁਜਰਾਤ ਵਿਚ 22 ਮੌਤਾਂ ਹੋਈਆਂ ਹਨ।
ਮਹਾਰਾਸ਼ਟਰ ਵਿਚ ਹੁਣ ਤੱਕ ਸਭ ਤੋਂ ਵੱਧ 13,883 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਦਿੱਲੀ ਤੇ ਤਾਮਿਲਨਾਡੂ ਸਭ ਤੋਂ ਵੱਧ ਪ੍ਰਭਾਵਿਤ ਹਨ। ਸਭ ਤੋਂ ਵੱਧ ਕੇਸ ਵੀ ਮਹਾਰਾਸ਼ਟਰ, ਦਿੱਲੀ, ਤਾਮਿਲਨਾਡੂ, ਗੁਜਰਾਤ ਵਿਚ ਸਾਹਮਣੇ ਆਏ ਹਨ। ਰਾਜਸਥਾਨ ਵਿਚ 631 ਮੌਤਾਂ ਕਰੋਨਾਵਾਇਰਸ ਨਾਲ ਹੋ ਚੁੱਕੀਆਂ ਹਨ। ਬਿਹਾਰ ਵਿਚ 253 ਤੇ ਉਤਰਾਖੰਡ ਵਿਚ 66 ਲੋਕ ਵਾਇਰਸ ਕਾਰਨ ਜਾਨ ਗੁਆ ਚੁੱਕੇ ਹਨ।
-ਪੀਟੀਆਈ