ਚੀਨ ਵਿਚ ਕੋਵਿਡ-19
ਚੀਨ ਵਿਚ ਕੋਵਿਡ-19 ਮਹਾਮਾਰੀ ਦੁਬਾਰਾ ਫੈਲਣ ਦੇ ਆਸਾਰ ਜਾਪਦੇ ਹਨ। ਕੁਝ ਹਫ਼ਤੇ ਪਹਿਲਾਂ ਚੀਨ ਨੇ ਕੁਝ ਸ਼ਹਿਰਾਂ ਵਿਚ ਬਿਮਾਰੀ ਦੇ ਫੈਲਣ ਕਾਰਨ ਵੱਡੀ ਪੱਧਰ ‘ਤੇ ਪਾਬੰਦੀਆਂ ਲਗਾਈਆਂ ਸਨ ਜਿਨ੍ਹਾਂ ਦਾ ਲੋਕਾਂ ਨੇ ਵਿਰੋਧ ਕੀਤਾ। ਬਾਅਦ ਵਿਚ ਇਹ ਪਾਬੰਦੀਆਂ ਘਟਾਈਆਂ ਗਈਆਂ ਅਤੇ ਹੁਣ ਕੇਸ ਫਿਰ ਵਧੇ ਹਨ। ਮਾਹਿਰਾਂ ਅਨੁਸਾਰ ਆਉਣ ਵਾਲੇ ਹਫ਼ਤਿਆਂ ਵਿਚ ਚੀਨ ਵਿਚ ਸਥਿਤੀ ਵਿਗੜ ਸਕਦੀ ਹੈ।
ਚੀਨ ਨੇ ਕੋਵਿਡ-19 ਬਾਰੇ ਸ਼ੁਰੂ ਤੋਂ ਹੀ ਪਾਰਦਰਸ਼ਤਾ ਤੋਂ ਕੰਮ ਨਹੀਂ ਲਿਆ। ਸਰਕਾਰੀ ਅੰਕੜਿਆਂ ਅਨੁਸਾਰ ਕੋਵਿਡ-19 ਕਾਰਨ ਦੇਸ਼ ਵਿਚ 5200 ਤੋਂ ਕੁਝ ਵੱਧ ਮੌਤਾਂ ਹੋਈਆਂ ਜਦੋਂਕਿ ਅਮਰੀਕਾ ਵਿਚ ਮੌਤਾਂ ਦੀ ਗਿਣਤੀ 11 ਲੱਖ ਅਤੇ ਭਾਰਤ ਵਿਚ 5.3 ਲੱਖ ਦੇ ਕਰੀਬ ਦੱਸੀ ਜਾਂਦੀ ਹੈ। ਚੀਨ ਦੀ ਮਹਾਮਾਰੀ ਨੂੰ ਰੋਕਣ ਬਾਰੇ ਪਹੁੰਚ ‘ਤੇ ਵੀ ਸਵਾਲ ਉਠਾਏ ਜਾਂਦੇ ਰਹੇ ਹਨ। ਸਿਹਤ ਖੇਤਰ ਦੇ ਮਾਹਿਰਾਂ ਅਨੁਸਾਰ ਕੋਵਿਡ-19 ਸਾਹ ਪ੍ਰਣਾਲੀ ਰਾਹੀਂ ਫੈਲਣ ਵਾਲਾ ਵਾਇਰਸ ਹੈ ਅਤੇ ਦੇਰ-ਸਵੇਰ ਇਸ ਨੇ ਹਰ ਵਿਅਕਤੀ ਨੂੰ ਪ੍ਰਭਾਵਿਤ ਕਰਨਾ ਹੈ; ਇਸ ਲਈ ਲੋਕਾਂ ‘ਤੇ ਹੱਦ ਤੋਂ ਜ਼ਿਆਦਾ ਪਾਬੰਦੀਆਂ ਲਗਾਉਣੀਆਂ ਨਾਵਾਜਬਿ ਹਨ। ਵੱਡੀ ਪੱਧਰ ‘ਤੇ ਪਾਬੰਦੀਆਂ ਅਰਥਚਾਰੇ ਵਿਚ ਖ਼ਲਲ ਪਾਉਂਦੀਆਂ ਅਤੇ ਲੋਕਾਂ ਵਿਚ ਮਾਨਸਿਕ ਵਿਗਾੜ ਪੈਦਾ ਕਰਦੀਆਂ ਹਨ। ਚੀਨ ਵਿਚ ਕੋਵਿਡ-19 ਦੀਆਂ ਕਈ ਹੋਰ ਕਿਸਮਾਂ ਜਿਨ੍ਹਾਂ ਨੂੰ ਓਮੀਕਰੋਨ ਰੂਪ ਦੇ ਬੀਐਫ-5.2 (BF-5.2) ਅਤੇ ਬੀਐਫ਼-7 (BF-7) ਦੱਸਿਆ ਜਾ ਰਿਹਾ ਹੈ, ਸਾਹਮਣੇ ਆਈਆਂ ਹਨ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਵੇਂ ਰੂਪ ਬਹੁਤ ਜਲਦੀ ਫੈਲਦੇ ਹਨ ਅਤੇ ਇਹ ਬਿਮਾਰੀ ਚੀਨ ਵਿਚ 80 ਕਰੋੜ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਮਾਹਿਰ ਵੱਡੇ ਪੱਧਰ ‘ਤੇ ਮੌਤਾਂ ਹੋਣ ਬਾਰੇ ਖ਼ਦਸ਼ਾ ਵੀ ਜ਼ਾਹਿਰ ਕਰ ਰਹੇ ਹਨ। ਇਸ ਸਬੰਧ ਵਿਚ ਵੈਕਸੀਨਾਂ ਦੇ ਪ੍ਰਭਾਵਸ਼ਾਲੀ ਹੋਣ ਬਾਰੇ ਸਵਾਲ ਪੁੱਛੇ ਜਾ ਰਹੇ ਹਨ। ਚੀਨ ਆਪਣੇ ਆਪ ਨੂੰ ਇਸ ਖੇਤਰ ਵਿਚ ਖੋਜ ਕਰਨ ਦਾ ਮੋਹਰੀ ਦਰਸਾਉਂਦਾ ਰਿਹਾ ਹੈ। ਇਸ ਲਈ ਇਹ ਸਵਾਲ ਪੁੱਛਿਆ ਜਾਣਾ ਵੀ ਸੁਭਾਵਿਕ ਹੈ ਕਿ ਚੀਨ ਵਿਚ ਬਣਾਈਆਂ ਗਈਆਂ ਵੈਕਸੀਨਾਂ ਬਿਮਾਰੀ ਨੂੰ ਫੈਲਣ ਤੋਂ ਰੋਕ ਕਿਉਂ ਨਹੀਂ ਸਕੀਆਂ। ਇਹ ਦਲੀਲ ਵੀ ਦਿੱਤੀ ਜਾਂਦੀ ਰਹੀ ਹੈ ਕਿ ਇਹ ਬਿਮਾਰੀ, ਉਨ੍ਹਾਂ ਵਿਅਕਤੀਆਂ ਜਿਨ੍ਹਾਂ ਨੇ ਵੈਕਸੀਨ ਲਗਾਈ ਹੋਵੇ, ਵਿਚ ਗੰਭੀਰ ਲੱਛਣ ਪੈਦਾ ਨਹੀਂ ਕਰਦੀ ਪਰ ਚੀਨ ਵਿਚ ਵੱਡੀ ਗਿਣਤੀ ਵਿਚ ਮਰੀਜ਼ ਹਸਪਤਾਲਾਂ ਵਿਚ ਦਾਖ਼ਲ ਕੀਤੇ ਜਾ ਰਹੇ ਹਨ। ਭਾਰਤ ਵਿਚ ਬਣਾਈਆਂ ਗਈਆਂ ਵੈਕਸੀਨਾਂ ਚੀਨ ਵਿਚ ਬਣਾਈਆਂ ਗਈਆਂ ਵੈਕਸੀਨਾਂ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹਨ ਪਰ ਲੋਕ ਤੀਸਰੀ ਡੋਜ਼ ਲਗਾਉਣ ਤੋਂ ਹੀ ਕੰਨੀ ਕਤਰਾ ਰਹੇ ਹਨ। ਸਰਕਾਰ ਨੂੰ ਇਸ ਬਾਰੇ ਸਹੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ। ਭਾਰਤ ਸਰਕਾਰ ਨੇ ਇਸ ਸਬੰਧ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੂੰ ਸਥਿਤੀ ‘ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ।