ਕੋਵਿਡ-19: ਚੰਡੀਗੜ੍ਹ ਵਿੱਚ 145 ਨਵੇਂ ਕੇਸ; ਕੁੱਲ ਅੰਕੜਾ 2776
ਪੱਤਰ ਪ੍ਰੇਰਕ
ਚੰਡੀਗੜ੍ਹ, 22 ਅਗਸਤ
ਚੰਡੀਗੜ੍ਹ ਵਿੱਚ ਕਹਿਰ ਬਣਿਆ ਕਰੋਨਾਵਾਇਰਸ ਦਿਨੋਂ ਦਿਨ ਪੈਰ ਪਸਾਰਦਾ ਜਾ ਰਿਹਾ ਹੈ। ਅੱਜ ਸ਼ਹਿਰ ਵਿੱਚ ਰਿਕਾਰਡਤੋੜ 145 ਕੇਸ ਸਾਹਮਣੇ ਆਏ ਹਨ ਤੇ ਮਰੀਜ਼ਾਂ ਦਾ ਕੁੱਲ ਅੰਕੜਾ 2776 ’ਤੇ ਪਹੁੰਚ ਗਿਆ ਹੈ। ਯੂ.ਟੀ. ਦੇ ਸਿਹਤ ਵਿਭਾਗ ਮੁਤਾਬਕ ਨਵੇਂ ਆਏ ਕੇਸ ਸੈਕਟਰ 6, 7, 11, 15, 16, 19, 20, 22, 23, 24, 25, 26, 27, 28, 29, 30, 31, 32, 33, 34, 36, 38, 39, 40, 41, 42, 44, 45, 46, 47, 48, 49, 52, 61, ਪੀਜੀਆਈ ਕੈਂਪਸ, ਰਾਮ ਦਰਬਾਰ, ਬਹਿਲਾਣਾ, ਡੱਡੂਮਾਜਰਾ, ਦੜੂਆ, ਧਨਾਸ, ਖੁੱਡਾ ਜੱਸੂ, ਮਨੀਮਾਜਰਾ, ਰਾਏਪੁਰ ਖੁਰਦ, ਮਲੌਆ, ਬਡਹੇੜੀ, ਮੌਲੀ ਜਾਗਰਾਂ ਤੇ ਕਿਸ਼ਨਗੜ੍ਹ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਅੱਜ 45 ਮਰੀਜ਼ਾਂ ਨੇ ਵਾਇਰਸ ਨੂੰ ਮਾਤ ਦਿੱਤੀ ਤੇ ਊਨ੍ਹਾਂ ਨੂੰ ਹਸਪਤਾਲਾਂ ਤੇ ਇਕਾਂਤਵਾਸ ਕੇਂਦਰਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ ਹੁਣ ਤੱਕ ਡਿਸਚਾਰਜ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 1471 ’ਤੇ ਪਹੁੰਚ ਗਈ ਹੈ। ਮਰਨ ਵਾਲਿਆਂ ਦੀ ਕੁੱਲ ਗਿਣਤੀ 33 ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 1270 ਹੈ। ਇਸੇ ਦੌਰਾਨ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸੈਕਟਰ 39-ਸੀ ਸਥਿਤ ਦਫ਼ਤਰ ਵਿੱਚ 18 ਕਰਮਚਾਰੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਸੂਤਰਾਂ ਮੁਤਾਬਕ ਕੁੱਲ 364 ਕਰਮਚਾਰੀਆਂ ਦੇ ਸੈਂਪਲ ਲਏ ਗਏ ਸਨ ਤੇ 18 ਕਰਮਚਾਰੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋ ਗਈ ਹੈ।
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ ਅੱਜ ਕਰੋਨਾ ਪਾਜ਼ੇਟਿਵ ਦੇ 92 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 66 ਕੇਸ ਪੰਚਕੂਲਾ ਜ਼ਿਲ੍ਹੇ ਨਾਲ ਸਬੰਧਤ ਹਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਵੇਰਵਿਆਂ ਅਨੁਸਾਰ ਇਹ ਕੇਸ ਪੁਰਾਣਾ ਪੰਚਕੂਲਾ ਵਿੱਚੋਂ 8, ਪਿੰਜੌਰ ਵਿੱਚੋਂ 10, ਕਲਕਾ ’ਚੋਂ ਇਕ, ਸੂਰਜਪੁਰ ਤੋਂ ਦੋ, ਨਾਨਕਪੁਰ ਤੋਂ ਇਕ, ਬਰਵਾਲਾ ਤੋਂ 2, ਮਨਸਾ ਦੇਵੀ ਕੰਪਲੈਕਸ ਤੋਂ 3, ਸੈਕਟਰ 15 ਤੋਂ 2, ਸੈਕਟਰ-26 ਤੋਂ 1, ਸੈਕਟਰ-18 ਤੋਂ 1, ਸੈਕਟਰ-4 ਵਿੱਚੋਂ 11, ਸੈਕਟਰ-9 ਵਿੱਚੋਂ 1, ਸੈਕਟਰ-12-ਏ ਵਿੱਚੋਂ ਚਾਰ, ਰਾਜੀਵ ਕਲੋਨੀ ’ਚੋਂ 3, ਸੈਕਟਰ-16 ’ਚੋਂ ਇਕ, ਸੈਕਟਰ-12 ਵਿੱਚੋਂ 2, ਸੈਕਟਰ-10 ਵਿੱਚੋਂ ਇਕ, ਸੈਕਟਰ-11 ਵਿੱਚੋਂ 2, ਸੈਕਟਰ-2 ਵਿੱਚੋਂ ਇਕ, ਸੈਕਟਰ-23 ਵਿੱਚੋਂ 2, ਸੀਐਮ ਨਿਵਾਸ ’ਚੋਂ 2 ਅਤੇ ਬਾਕੀ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਅਤੇ ਰਾਜਾਂ ਵਿੱਚੋਂ ਸਾਹਮਣੇ ਆਏ ਹਨ।
ਮੁਹਾਲੀ ਜ਼ਿਲ੍ਹੇ ਵਿੱਚ ਤਿੰਨ ਬਜ਼ੁਰਗਾਂ ਦੀ ਮੌਤ
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਕਰੌਲਾ ਵਾਇਰਸ ਦੇ ਅੱਜ 144 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 2561 ’ਤੇ ਪਹੁੰਚ ਗਈ ਹੈ। ਅੱਜ ਇਕ ਔਰਤ ਸਮੇਤ ਤਿੰਨ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 49 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 40 ਦਨਿਾਂ ਵਿੱਚ 2166 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਅੱਜ 56 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਅੱਜ ਤਿੰਨ ਕਰੋਨਾ ਪੀੜਤ ਬਜ਼ੁਰਗਾਂ ਦੀ ਮੌਤ ਹੋਈ ਹੈ। ਵੇਰਵਿਆਂ ਅਨੁਸਾਰ ਇੱਥੋਂ ਦੇ ਪਿੰਡ ਬੜਮਾਜਰਾ ਦੇ 64 ਸਾਲਾਂ ਦਾ ਬਜ਼ੁਰਗ ਸਥਾਨਕ ਮੈਕਸ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਜਿਥੇ ਉਸ ਦੀ ਮੌਤ ਹੋਈ ਹੈ। ਇੰਜ ਪਿੰਡ ਭਬਾਤ ਦੇ 80 ਸਾਲਾਂ ਦੇ ਬਜ਼ੁਰਗ ਨੇ ਕਮਾਂਡ ਹਸਪਤਾਲ ਵਿੱਚ ਦਮ ਤੋੜ ਦਿੱਤਾ ਜਦੋਂਕਿ ਡੇਰਾਬੱਸੀ ਦੀ 70 ਸਾਲਾਂ ਦੀ ਔਰਤ ਦੀ ਮੌਤ ਹੋਈ ਹੈ। ਉਹ ਜੀਐਮਸੀਐਚ ਪਟਿਆਲਾ ਵਿੱਚ ਦਾਖ਼ਲ ਸੀ। ਨਵੇਂ ਆਏ ਕੇਸਾਂ ਵਿਚ ਮੁਹਾਲੀ ਸ਼ਹਿਰ ਅਤੇ ਆਸਪਾਸ ਇਲਾਕੇ ਦੇ 53 ਵਿਅਕਤੀ, ਖਰੜ ਵਿੱਚ 35, ਜ਼ੀਰਕਪੁਰ ਵਿੱਚ 9, ਡੇਰਾਬੱਸੀ ਵਿੱਚ 28, ਲਾਲੜੂ ਵਿੱਚ 3, ਬਨੂੜ ਵਿੱਚ ਦੋ, ਘੜੂੰਆਂ ਬਲਾਕ ਵਿੱਚ ਇਕ, ਢਕੌਲੀ ਵਿੱਚ 9 ਅਤੇ ਕੁਰਾਲੀ ਦੇ ਚਾਰ ਮਰੀਜ਼ ਸ਼ਾਮਲ ਹਨ।
ਥਾਣਾ ਮੁਖੀ ਸਣੇ ਕਈ ਮੁਲਾਜ਼ਮ ਵਾਇਰਸ ਪੀੜਤ: ਥਾਣਾ ਮਟੌਰ ਦੇ ਐੱਸਐਚਓ ਇੰਸਪੈਕਟਰ ਰਾਜੀਵ ਕੁਮਾਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇੰਜ ਹੀ ਫੇਜ਼-1 ਥਾਣੇ ਦੇ ਦਰਜਨ ਮੁਲਾਜ਼ਮਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਸੀਨੀਅਰ ਅਧਿਕਾਰੀਆਂ ਨੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੂੰ ਵੀ ਇਕਾਂਤਵਾਸ ਵਿੱਚ ਰਹਿਣ ਲਈ ਆਖਿਆ ਹੈ। ਇਸ ਤਰ੍ਹਾਂ ਕੁੱਲ 27 ਕਰਮਚਾਰੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਅੱਜ ਕਈ ਪੁਲੀਸ ਮੁਲਾਜ਼ਮਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।
ਅੱਜ ਬੰਦ ਰਹੇਗੀ ਟਰੈਫ਼ਿਕ ਲਾਈਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਮਹਾਮਾਰੀ ਕਰਕੇ ਚੰਡੀਗੜ੍ਹ ਪੁਲੀਸ ਵੱਲੋਂ ਵੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਤੇ ਕਈ ਤਰ੍ਹਾਂ ਦੇ ਇਹਤਿਆਤ ਵਰਤੇ ਜਾ ਰਹੇ ਹਨ। ਪੁਲੀਸ ਵੱਲੋਂ 23 ਅਗਸਤ ਨੂੰ ਸੈਕਟਰ-29 ਵਿੱਚ ਸਥਿਤ ਟਰੈਫ਼ਿਕ ਲਾਈਨਜ਼ ਅਤੇ ਉਥੇ ਖੜ੍ਹੇ ਵਾਹਨਾਂ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਇਸ ਮੌਕੇ ਟਰੈਫ਼ਿਕ ਲਾਈਨਜ਼ ਵਿੱਚ ਆਮ ਲੋਕਾਂ ਦੇ ਆਉਣ ’ਤੇ ਪਾਬੰਦੀ ਰਹੇਗੀ। ਪੁਲੀਸ ਅਨੁਸਾਰ ਟਰੈਫ਼ਿਕ ਲਾਈਨਜ਼ ਵਿੱਚ ਸੋਮਵਾਰ ਤੋਂ ਮੁੜ ਦਫ਼ਤਰੀ ਕੰਮ ਸ਼ੁਰੂ ਹੋ ਜਾਵੇਗਾ।