ਅਦਾਲਤ ਵੱਲੋਂ ਨਾਜਾਇਜ਼ ਖਣਨ ਸਬੰਧੀ ਜਾਂਚ ਰਿਪੋਰਟ ਪੇਸ਼ ਕਰਨ ਦਾ ਹੁਕਮ
ਐੱਨਪੀ ਧਵਨ
ਪਠਾਨਕੋਟ, 21 ਦਸੰਬਰ
ਹਲਕਾ ਭੋਆ ਅਧੀਨ ਆਉਂਦੇ ਸ਼ਾਹਪੁਰਗੋਪੀ ਅਤੇ ਗੋਲ ਵਿੱਚ ਹੋਈ ਖਣਨ ਨਾਲ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮਾਮਲਾ ਅਦਾਲਤ ਵਿੱਚ ਪੁੱਜ ਗਿਆ ਹੈ। ਇਸ ਮਾਮਲੇ ’ਚ ਅਦਾਲਤ ਨੇ ਮਾਮਲੇ ਦੀ ਜਾਂਚ ਕਰਨ ਲਈ ਪੰਜਾਬ ਸਰਕਾਰ, ਖਣਨ ਵਿਭਾਗ ਦੇ ਚੀਫ ਸਕੱਤਰ ਅਤੇ ਡੀਸੀ ਪਠਾਨਕੋਟ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਦੂਜੇ ਪਾਸੇ, ਲੋਕਾਂ ਨੇ ਇਸ ਵਿੱਚ ਸਰਹੱਦੀ ਖੇਤਰ ਦਾ ਵੀ 3 ਤੋਂ 4 ਕਿਲੋਮੀਟਰ ਇਲਾਕਾ ਹੋਣ ਬਾਰੇ ਦੱਸਿਆ ਹੈ ਜਿੱਥੇ ਨਾਜਾਇਜ਼ ਖਣਨ ਹੋਈ ਸੀ। ਅਦਾਲਤ ਨੇ ਕਰੀਬ ਮਹੀਨੇ ਵਿੱਚ ਜਾਂਚ ਮੁਕੰਮਲ ਕਰਨ ਲਈ ਕਿਹਾ ਹੈ। ਇਸ ਦੀ ਰਿਪੋਰਟ 16 ਜਨਵਰੀ 2025 ਨੂੰ ਪੇਸ਼ ਕਰਨ ਲਈ ਕਿਹਾ ਹੈ। ਇਸ ਜਾਂਚ ਵਿੱਚ ਇਹ ਪਤਾ ਲਗਾਇਆ ਜਾਵੇਗਾ ਕਿ ਕਿੱਥੇ-ਕਿੱਥੇ ਖਣਨ ਦੀ ਮਨਜ਼ੂਰੀ ਮਿਲੀ ਹੋਈ ਹੈ ਅਤੇ ਕਿੱਥੇ ਨਾਜਾਇਜ਼ ਖਣਨ ਹੋਈ ਹੈ। ਇਹ ਕਾਰਵਾਈ ਸਰਹੱਦੀ ਖੇਤਰ ਵਿੱਚ ਰਹਿਣ ਵਾਲੇ ਕਿਸਾਨਾਂ ਵੱਲੋਂ ਅਦਾਲਤ ਵਿੱਚ ਦਰਜ ਕੀਤੀ ਅਪੀਲ ਦੇ ਆਧਾਰ ’ਤੇ ਸ਼ੁਰੂ ਹੋਈ ਹੈ ਕਿਉਂਕਿ ਖਣਨ ਮਾਫੀਆ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਰਬਾਦ ਕਰਨ ਲੱਗਿਆ ਹੈ। ਇੱਥੋਂ ਤੱਕ ਕਿ ਕਿਸਾਨਾਂ ਦੀ ਮਾਰਕੁੱਟ ਵੀ ਕੀਤੀ ਜਾਂਦੀ ਹੈ। ਇੱਥੇ ਕਰੀਬ 20 ਦਿਨ ਪਹਿਲਾਂ ਖਣਨ ਮਾਫੀਆ ਦੇ ਲੋਕਾਂ ਨੇ ਪੁਲੀਸ ਮੂਹਰੇ ਇੱਕ ਕਿਸਾਨ ਨੂੰ ਤੇਜ਼ਧਾਰ ਹਥਿਆਰਾਂ ਕਤਲ ਕਰ ਦਿੱਤਾ ਸੀ।
ਪਠਾਨਕੋਟ ਦੇ ਭੋਆ ਖੇਤਰ ਅਧੀਨ ਆਉਂਦੇ ਇਲਾਕੇ ’ਚ ਹਿਮਾਚਲ ਦੇ ਰਹਿਣ ਵਾਲੇ ਵਿਅਕਤੀ ਨੇ ਕਈ ਏਕੜ ਜ਼ਮੀਨ ਖ਼ਰੀਦੀ ਸੀ। ਇਸ ਤੋਂ ਬਾਅਦ ਇੱਕ ਕੰਪਨੀ ਰਾਹੀਂ ਉੱਥੇ ਖਣਨ ਸ਼ੁਰੂ ਕਰਵਾ ਦਿੱਤੀ।
ਜਾਂਚ ਵਿੱਚ ਹੋ ਸਕਦੇ ਹਨ ਵੱਡੇ ਖ਼ੁਲਾਸੇ: ਜੋਗਿੰਦਰ ਪਾਲ
ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਹਿਮਾਚਲ ਦੀ ਕੰਪਨੀ ਦੇ ਮਾਲਕ ਹਲਕਾ ਭੋਆ ਵਿੱਚ ਵੱਡੀ ਮਾਤਰਾ ’ਚ ਨਾਜਾਇਜ਼ ਖਣਨ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ਹੁਣ ਸਹੀ ਤਰੀਕੇ ਨਾਲ ਜਾਂਚ ਹੋਵੇ ਤਾਂ ਨਾਜਾਇਜ਼ ਖਣਨ ਵਿੱਚ ਕਈ ਵੱਡੇ ਰਾਜਨੀਤਕ ਆਗੂਆਂ ਅਤੇ ਪੁਲੀਸ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਹੋ ਰਹੀ ਨਾਜਾਇਜ਼ ਖਣਨ ਵਿੱਚ ਸਿਆਸੀ ਅਤੇ ਪੁਲੀਸ ਦੀ ਮਿਲੀਭੁਗਤ ਕਾਰਨ ਇਸ ਨੂੰ ਰੋਕਣਾ ਔਖਾ ਹੋਇਆ ਪਿਆ ਹੈ। ਇਸ ਕਾਰਨ ਸਰਹੱਦ ਦੇ ਪੰਜ ਕਿਲੋਮੀਟਰ ਦਾਇਰੇ ਵਿੱਚ ਵੀ ਖਣਨ ਮਾਫੀਆ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਾ ਕਿ ਖਣਨ ਮਾਫੀਆ ਕਥਲੌਰ ਪੁਲ ਤੋਂ ਸ਼ੁਰੂ ਹੋ ਕੇ 50 ਦੇ ਕਰੀਬ ਪਿੰਡਾਂ ਵਿੱਚ ਖਣਨ ਕਰ ਕੇ ਜ਼ਮੀਨਾਂ ਬਰਬਾਦ ਕਰ ਚੁੱਕਾ ਹੈ।