ਦੇਸ਼ ਕਦੇ ਵੀ ਰਾਹੁਲ ਗਾਂਧੀ ਨੂੰ ਨਹੀਂ ਚੁਣੇਗਾ: ਵਿਪਲਵ ਦੇਵ
ਜੀਂਦ (ਮਹਾਂਵੀਰ ਮਿੱਤਲ): ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਅਤੇ ਹਰਿਆਣਾ ਭਾਜਪਾ ਦੇ ਮੁਖੀ ਵਿਪਲਵ ਦੇਵ ਨੇ ਵਿਰੋਧੀ ਗੱਠਜੋੜ ਉੱਤੇ ਨਿਸ਼ਾਨਾ ਸੇਧਦੇ ਹੋਏ ਕਿਹਾ ਕਿ ਕਿ ਵਿਰੋਧੀ ਗੱਠਜੋੜ ਕੋਲ ਕੋਈ ਮੁੱਦਾ ਨਹੀਂ ਹੈ। ਇਸ ਗੱਠਜੋੜ ਦਾ ਮੁੱਖ ਮੰਤਵ ਮੋਦੀ ਨੂੰ ਹਟਾਉਣਾ ਹੈ। ਵਿਪਲਵ ਦੇਵ ਦੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਉਨ੍ਹਾਂ ਦੇ ਨਿਸ਼ਾਨੇ ’ਤੇ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਕਦੀ ਵੀ ਮੋਦੀ ਦੀ ਥਾਂ ਰਾਹੁਲ ਗਾਂਧੀ ਨੂੰ ਨਹੀਂ ਚੁਣੇਗਾ। ਵਿਪਲਵ ਦੇਵ ਇੱਥੇ ਭਾਜਪਾ ਦੁਆਰਾ ਕਰਵਾਏ ਪੰਨਾ ਪ੍ਰਮੁੱਖ ਦੇ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਇਸ ਲਈ ਵਿਰੋਧੀ ਧਿਰ ਦੇ ਸਾਰੇ ਭ੍ਰਿਸ਼ਟ ਲੋਕ ਇੱਕ ਮੰਚ ਉੱਤੇ ਆਉਣ ਲੱਗੇ ਹਨ। ਬੰਗਲੁਰੂ ਅਤੇ ਪਟਨਾ ਵਿੱਚ ਜਿਨ੍ਹਾਂ ਵਿਰੋਧੀ ਦਲਾਂ ਨੇ ਮੀਟਿੰਗਾਂ ਕੀਤੀਆਂ, ਉਨ੍ਹਾਂ ਦੀ ਰਾਜ ਸਰਕਾਰਾਂ ਦੇ ਕਈ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਜੇਲ੍ਹਾਂ ਵਿੱਚ ਬੰਦ ਹਨ। ਵਿਰੋਧੀ ਗੱਠਜੋੜ ਕੋਲ ਕੋਈ ਮੁੱਦਾ ਨਹੀਂ ਹੈ, ਉਨ੍ਹਾਂ ਦਾ ਤਾਂ ਕੇਵਲ ਮੋਦੀ ਨੂੰ ਹਟਾਉਣਾ ਮੁੱਖ ਮੰਤਵ ਹੈ। ਇਸ ਮੌਕੇ ਉੱਤੇ ਜੀਂਦ ਦੇ ਵਿਧਾਇਕ ਡਾ. ਕ੍ਰਿਸ਼ਨ ਮਿੱਢਾ, ਸੋਨੀਪਤ ਤੋਂ ਭਾਜਪਾ ਸੰਸਦ ਰਮੇਸ ਕੌਸ਼ਿਕ, ਜ਼ਿਲ੍ਹਾ ਪ੍ਰਧਾਨ ਰਾਜੂ ਮੋਰ, ਪ੍ਰਦੇਸ਼ ਬੁਲਾਰਾ ਵਿਜੈਪਾਲ ਸਿੰਘ ਐਡਵੋਕੇਟ, ਡਾ. ਰਾਜ ਸੈਣੀ, ਅਨੁਰਾਧਾ ਸੈਣੀ ਅਤੇ ਕਰਮਵੀਰ ਸੈਣੀ ਆਦਿ ਹਾਜ਼ਰ ਸਨ।