ਦੇਸ਼ ਨੂੰ ਕਾਂਗਰਸ ਦੀ ਲੋੜ: ਦੇਵੇਂਦਰ ਯਾਦਵ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਮਈ
ਦਿੱਲੀ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਦੇਵੇਂਦਰ ਯਾਦਵ ਨੇ ਚੁਣੌਤੀਪੂਰਨ ਸਮੇਂ ਵਿੱਚ ਰਸਮੀ ਤੌਰ ’ਤੇ ਅੱਜ ਕਾਂਗਰਸੀ ਵਰਕਰਾਂ ਦੀ ਮੌਜੂਦਗੀ ਵਿੱਚ ਸੂਬਾ ਕਾਂਗਰਸ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਕਾਰਜਭਾਰ ਸੰਭਾਲਦੇ ਹੋਏ ਦੇਵੇਂਦਰ ਯਾਦਵ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਕੇਸੀ ਵੇਣੂਗੋਪਾਲ ਦੇ ਨਾਲ ਪਾਰਟੀ ਹਾਈਕਮਾਂਨ ਦਾ ਦਿੱਲੀ ਦੀ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕੀਤਾ। ਕਾਂਗਰਸੀ ਟੋਪੀਆਂ ਪਹਿਨੇ ਸੈਂਕੜੇ ਲੋਕ ਹੱਥਾਂ ਵਿਚ ਤਿਰੰਗੇ ਝੰਡੇ ਅਤੇ ਢੋਲ-ਢਮਕਿਆਂ ਨਾਲ ਰਾਜੀਵ ਭਵਨ ਪਹੁੰਚੇ। ਆਈਟੀਓ ਚੈੱਕ ਤੋਂ ਮਿੰਟੋ ਪੁਲ ਅਤੇ ਰਾਮਲੀਲਾ ਮੈਦਾਨ ਤੱਕ ਨਿੱਜੀ ਵਾਹਨਾਂ ਦੀ ਭੀੜ ਕਾਰਨ ਵਰਕਰ ਪੈਦਲ ਹੀ ਸੂਬਾ ਦਫਤਰ ਪਹੁੰਚੇ। ਇਸ ਮੌਕੇ ਔਰਤਾਂ, ਨੌਜਵਾਨਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।
ਦਿੱਲੀ ਦੇ ਆਗੂਆਂ ਤੇ ਵਰਕਰਾਂ ਨੇ ਦੇਵੇਂਦਰ ਯਾਦਵ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਸ੍ਰੀ ਯਾਦਵ ਨੇ ਕਿਹਾ ਕਿ 10 ਸਾਲਾਂ ਦੇ ਸ਼ਾਸਨ ਦੌਰਾਨ ਤਾਨਾਸ਼ਾਹੀ ਭਾਜਪਾ ਸਰਕਾਰ ਦੀ ਇਕਪਾਸੜ ਨੀਤੀ ਕਾਰਨ ਸੰਵਿਧਾਨ ਖਤਰੇ ਵਿਚ ਹੈ, ਸਾਨੂੰ ਸੰਵਿਧਾਨ ਨੂੰ ਬਚਾਉਣ ਲਈ ਸੰਘਰਸ਼ ਕਰਨਾ ਪਵੇਗਾ। ਅੱਜ ਦੇਸ਼ ਨੂੰ ਕਾਂਗਰਸ ਦੀ ਲੋੜ ਹੈ ਕਿਉਂਕਿ ਅੱਜ ਗਰੀਬ, ਮਜ਼ਦੂਰ, ਨੌਜਵਾਨ, ਔਰਤਾਂ, ਕਿਸਾਨ, ਨਿਮਨ ਅਤੇ ਮੱਧ ਵਰਗ, ਦੇਸ਼ ਦੀ ਲਗਭਗ 95 ਫੀਸਦੀ ਆਬਾਦੀ ਭਾਜਪਾ ਦੀ ਸਰਮਾਏਦਾਰੀ ਬਚਾਓ ਨੀਤੀ ਤੋਂ ਪੀੜਤ ਹੈ। ਇਸ ਲਈ ਸਾਰਿਆਂ ਨੂੰ ਤਾਕਤ ਨਾਲ ਇੱਕਜੁੱਟ ਹੋ ਕੇ ਲੋਕਤੰਤਰ ਲਈ ਲੜਨਾ ਚਾਹੀਦਾ ਹੈ।