ਹਾਦਸਾਗ੍ਰਸਤ ਕਾਰ ’ਚੋਂ ਦੇਸੀ ਸ਼ਰਾਬ ਬਰਾਮਦ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 4 ਨਵੰਬਰ
ਨੈਸ਼ਨਲ ਹਾਈਵੇਅ ਨੌਂ ’ਤੇ ਸਥਿਤ ਮਹਿੰਦਰਾ ਏਜੰਸੀ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਇਨੋਵਾ ਗੱਡੀ ’ਚੋਂ ਪੁਲੀਸ ਨੇ ਦੇਸੀ ਸ਼ਰਾਬ ਦੀਆਂ 1224 ਬੋਤਲਾਂ (102 ਪੇਟੀਆਂ) ਬਰਾਮਦ ਕੀਤੀਆਂ ਹਨ। ਪੁਲੀਸ ਫ਼ਰਾਰ ਹੋਏ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਇਨੋਵਾ ਗੱਡੀ ਅਤੇ ਸ਼ਰਾਬ ਨੂੰ ਕਬਜ਼ੇ ’ਚ ਲੈ ਕੇ ਥਾਣਾ ਡਿੰਗ ’ਚ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿੰਗ ਥਾਣਾ ਇੰਚਾਰਜ ਸਬ-ਇੰਸਪੈਕਟਰ ਭੀਮ ਸਿੰਘ ਨੇ ਦੱਸਿਆ ਕਿ ਡਿੰਗ ਥਾਣਾ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਐੱਨ.ਐੱਚ. 9 ਆਊਟਲੈੱਟ ਖੇਤਰ ’ਚ ਇਨੋਵਾ ਗੱਡੀ ਹਾਦਸਾਗ੍ਰਸਤ ਹੋ ਗਈ ਹੈ ਤੇ ਗੱਡੀ ’ਚ ਸ਼ਰਾਬ ਲੱਦੀ ਹੋਈ ਹੈ। ਸੂਚਨਾ ਮਿਲਣ ’ਤੇ ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਕਤ ਇਨੋਵਾ ਗੱਡੀ ’ਚੋਂ 1224 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਸ਼ਰਾਬ ਨਾਜਾਇਜ਼ ਤੌਰ ’ਤੇ ਤਸਕਰੀ ਲਈ ਲਿਜਾਈ ਜਾ ਰਹੀ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਜਾਂਚ ਦੌਰਾਨ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗਾ ਕਿ ਉਕਤ ਸ਼ਰਾਬ ਕਿੱਥੋਂ ਲਿਆਂਦੀ ਗਈ ਅਤੇ ਕਿੱਥੇ ਸਪਲਾਈ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਦੌਰਾਨ ਜੋ ਵੀ ਵਿਅਕਤੀ ਸ਼ਰਾਬ ਦੀ ਤਸਕਰੀ ਵਿੱਚ ਸ਼ਾਮਲ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।