ਔਰਤਾਂ ਤੋਂ ਬਿਨਾ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ: ਮੁਰਮੂ
ਮੁੰਬਈ, 3 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਔਰਤਾਂ ਪ੍ਰਤੀ ਨਜ਼ਰੀਏ ’ਚ ਬਦਲਾਅ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਮਾਜਿਕ-ਆਰਥਿਕ ਅਤੇ ਵਿਦਿਅਕ ਵਿਕਾਸ ਤੋਂ ਬਿਨਾ ਦੇਸ਼ ਦੀ ਪੂਰੀ ਤਰ੍ਹਾਂ ਤਰੱਕੀ ਨਹੀਂ ਹੋ ਸਕਦੀ। ਮੁੰਬਈ ਵਿੱਚ ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ ਕਿ ਭਾਰਤ ਦੀ ਅੱਧੀ ਆਬਾਦੀ ਔਰਤਾਂ ਦੀ ਹੈ ਅਤੇ ਦੇਸ਼ ਨੂੰ ਅੱਗੇ ਲਿਜਾਣ ਲਈ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀ ਸਰਗਰਮ ਹਿੱਸੇਦਾਰੀ ਜ਼ਰੂਰੀ ਹੈ। ਉਨ੍ਹਾਂ ਕਿਹਾ, ‘ਔਰਤਾਂ ਦੀ ਸਮਾਜਿਕ-ਆਰਥਿਕ ਅਤੇ ਵਿਦਿਅਕ ਤਰੱਕੀ ਤੋਂ ਬਿਨਾ ਦੇਸ਼ ਦਾ ਉਸ ਤਰ੍ਹਾਂ ਵਿਕਾਸ ਨਹੀਂ ਹੋ ਸਕਦਾ ਜਿਵੇਂ ਹੋਣਾ ਚਾਹੀਦਾ ਹੈ।’
ਰਾਸ਼ਟਰਪਤੀ ਨੇ ਕਿਹਾ ਕਿ ਔਰਤਾਂ ਹੁਣ ਅੱਗੇ ਵਧ ਰਹੀਆਂ ਹਨ। ਭਵਿੱਖ ਵਿੱਚ ਉਹ ‘ਚੱਲਣ, ਦੌੜਨ, ਉੱਡਣ’ ਅਤੇ ਦੇਸ਼ ਦੇ ਵਿਕਾਸ ਵਿੱਚ ਹੋਰ ਯੋਗਦਾਨ ਪਾਉਣਗੀਆਂ। ਇਸ ਦੌਰਾਨ ਪੁਣੇ ਵਿੱਚ ‘ਸਿੰਬਾਇਓਸਿਸ ਇੰਟਰਨੈਸ਼ਨਲ’ (ਡੀਮਡ ਯੂਨੀਵਰਸਿਟੀ) ਦੀ 21ਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਸਿੱਖਿਆ ਪ੍ਰਣਾਲੀ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਦੇ ਖੋਜਕਰਤਾ ਨਾ ਸਿਰਫ ਦੇਸ਼, ਸਗੋਂ ਦੁਨੀਆ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਲੱਭਣ ਦੇ ਸਮਰੱਥ ਹਨ। -ਪੀਟੀਆਈ